ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀਐਫਆਈ), ਖੇਲੋ ਇੰਡੀਆ (ਯੂਥ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ) ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਅੱਜ ਇਥੇ ਸੈਕਟਰ 88 ਵਿਖੇ ਪੰਜਾਬ ਵਿੱਚ ਆਪਣੀ ਕਿਸਮ ਦਾ ਪਹਿਲਾ ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ – ਰੋਡ ਸਾਈਕਲਿੰਗ ਈਵੈਂਟ ਕਰਵਾਇਆ ਗਿਆ।

ਇਸ ਈਵੈਂਟ ਤਹਿਤ ਮਹਿਲਾ ਜੂਨੀਅਰ 10 ਕਿਲੋਮੀਟਰ ਰੇਸ ਵਿੱਚ ਲਕੀਸ਼ਾ ਧੀਮਾਨ ਨੇ ਪਹਿਲਾ, ਪ੍ਰੀਤ ਕੌਰ ਅਨਾਹਤ ਨੇ ਦੂਜਾ ਅਤੇ ਸਰਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮਹਿਲਾ ਅਲੀਟ 20 ਕਿਲੋਮੀਟਰ ਵਰਗ ਵਿੱਚ ਸਵਾਤੀ ਸਵਲੋਕ ਨੇ ਹਾਸਲ ਕੀਤੀ ਪਹਿਲੀ ਪੁਜੀਸ਼ਨ, ਅਮਨਦੀਪ ਕੌਰ ਨੇ ਦੂਜਾ ਅਤੇ ਸਰਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਹਰੇਕ ਭਾਗੀਦਾਰ ਨੂੰ ਸੀ.ਐਫ.ਆਈ. ਅਤੇ ਖੇਲੋ ਇੰਡੀਆ ਤੋਂ ਸਰਟੀਫਿਕੇਟ ਦਿੱਤਾ ਗਿਆ ਅਤੇ ਹਰੇਕ ਸ਼੍ਰੇਣੀ ਵਿੱਚ ਪਹਿਲੇ 03 ਸਥਾਨਾਂ ‘ਤੇ ਆਉਣ ਵਾਲਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਓਲੰਪੀਅਨ ਸਵਰਨ ਸਿੰਘ ਵਿਰਕ (ਰੋਇੰਗ) ਨੇ ਕਿਹਾ ਕਿ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਐੱਸ.ਏ.ਐੱਸ. ਨਗਰ ਵੱਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਦੀ ਸੇਧ ਮਿਲੇਗੀ, ਉੱਥੇ ਲੜਕੀਆਂ ਤੇ ਔਰਤਾਂ ਨੂੰ ਵੀ ਸਾਈਕਲਿੰਗ ਖੇਡ ਵਿੱਚ ਆਪਣਾ ਨਾਮ ਰੌਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਇਹ ਉਪਰਾਲਾ ਬਹੁਤ ਸਹਾਈ ਹੋਵੇਗਾ।

ਇਸ ਮੌਕੇ ਉਚੇਚੇ ਤੌਰ ਉੱਤੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਉੱਘੇ ਪੰਜਾਬੀ ਫਿਲਮ ਨਿਰਦੇਸ਼ਕ, ਗੀਤਕਾਰ ਤੇ ਕਹਾਣੀਕਾਰ ਸ. ਅਮਰਦੀਪ ਸਿੰਘ ਗਿੱਲ ਨੇ ਇਹ ਈਵੈਂਟ ਕਰਵਾਉਣ ਹਿਤ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਹਨਾਂ ਕਿਹਾ ਕਿ ਆਮ ਤੌਰ ਉੱਤੇ ਧੀਆਂ ਨੂੰ ਸਮਾਜ ਵਿੱਚ ਢੁਕਵੇਂ ਮੌਕੇ ਦੇਣ ਦੀਆਂ ਗੱਲਾਂ ਤਾਂ ਹੁੰਦੀਆਂ ਹਨ ਪਰ ਜ਼ਮੀਨੀ ਪੱਧਰ ਉੱਤੇ ਕਦਮ ਘੱਟ ਹੀ ਪੁੱਟੇ ਜਾਂਦੇ ਹਨ। ਉਹਨਾਂ ਕਿਹਾ ਕਿ ਅੱਜ ਇਸ ਈਵੈਂਟ ਦੇ ਰੂਪ ਵਿੱਚ ਕੀਤਾ ਉਪਰਾਲਾ ਜ਼ਮੀਨੀ ਪੱਧਰ ਉੱਤੇ ਧੀਆਂ ਨੂੰ ਸਮਾਜ ਵਿੱਚ ਢੁਕਵੇਂ ਮੌਕੇ ਦੇਣ ਦੀ ਮਿਸਾਲ ਹੈ।
ਇਸ ਮੌਕੇ ਜਗਦੀਪ ਸਿੰਘ ਕਾਹਲੋਂ, ਪ੍ਰਧਾਨ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਐਸ.ਏ.ਐਸ. ਨਗਰ, ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ (ਪੰਜਾਬ ਸਰਕਾਰ), ਜੋ ਇਸ ਈਵੈਂਟ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਸਨ, ਨੇ ਕਿਹਾ ਕਿ ਇਹ ਵਕਾਰੀ ਰੇਸ ਖੇਲੋ ਇੰਡੀਆ ਬੈਨਰ ਹੇਠ ਇਸ ਪਹਿਲਕਦਮੀ ਦਾ ਉਦੇਸ਼ ਖੇਡਾਂ ਰਾਹੀਂ ਲੜਕੀਆਂ ਨੂੰ ਸਸ਼ਕਤ ਬਣਾਉਣਾ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਸਾਈਕਲਿੰਗ ਵਿੱਚ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਈਵੈਂਟ ਵਿੱਚ ਵੱਡੀ ਗਿਣਤੀ ਮਹਿਲਾ ਸਾਈਕਲਿਸਟਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਆਪਣੀ ਤਾਕਤ, ਦ੍ਰਿੜ੍ਹਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਵਿੱਚ ਸਥਾਨਕ ਸਕੂਲਾਂ ਅਤੇ ਕਾਲਜਾਂ ਦੀ ਸਰਗਰਮ ਸ਼ਮੂਲੀਅਤ ਦੇਖਣ ਨੂੰ ਮਿਲੀ, ਜਿਹੜੀ ਕਿ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰੇਗੀ। ਅਸਮਿਤਾ ਮਹਿਲਾ ਲੀਗ ਖੇਡਾਂ ਵਿੱਚ ਲਿੰਗ ਸਮਾਨਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇੱਕ ਤੰਦਰੁਸਤ ਅਤੇ ਸਰਗਰਮ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ।
ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਖੇਲੋ ਇੰਡੀਆ ਲੀਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਨਾਲ ਨਾਲ ਕਈ ਕੰਪਨੀਆਂ ਨੇ ਵੀ ਇਸ ਈਵੈਂਟ ਵਿੱਚ ਅਹਿਮ ਯੋਗਦਾਨ ਦਿੱਤਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਲਈ ਪੰਜਾਬ ਵਿੱਚ ਵੱਡੇ ਸਾਈਕਲਿੰਗ ਈਵੈਂਟ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਟੀਚਾ ਹੈ ਕਿ 2036 ਦੀਆਂ ਓਲੰਪਿਕ ਖੇਡਾਂ ਵਿੱਚ ਵੱਧ ਤੋਂ ਵੱਧ ਮਹਿਲਾ ਅਤੇ ਪੁਰਸ਼ ਸਾਈਕਲਿਸਟ ਭਾਰਤੀ ਸਾਈਕਲਿੰਗ ਟੀਮ ਦਾ ਹਿੱਸਾ ਬਣਨ। ਸੰਦੀਪ ਬਜਾਜ (ਸਾਬਕਾ ਸਾਈਕਲਿਸਟ, ਕੈਨੇਡਾ) ਨੇ ਮਹਿਲਾ ਸਾਈਕਲਿਸਟਾਂ ਦੇ ਇਸ ਲੀਗ ਮੁਕਾਬਲੇ ਵਿੱਚ ਤਗਮੇ ਜਿੱਤਣ ‘ਤੇ ਵਧਾਈ ਭੇਜੀ।
ਇਸ ਮੌਕੇ ਸਹਾਇਕ ਲੋਕ ਸੰਪਰਕ ਅਫਸਰ ਸਤਿੰਦਰਪਾਲ ਸਿੰਘ, ਕੌਮਾਂਤਰੀ ਸਾਈਕਲਿਸਟ ਤੇ
ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਐਸ.ਏ.ਐਸ ਨਗਰ ਦੇ ਜਨਰਲ ਸਕੱਤਰ ਬਖਸ਼ੀਸ਼ ਸਿੰਘ, ਜ਼ਿਲ੍ਹਾ ਖੇਡ ਅਫਸਰ ਪਟਿਆਲਾ ਹਰਪਿੰਦਰ ਸਿੰਘ, ਏਸ਼ੀਆਈ ਖੇਡਾਂ ਚ ਭਾਰਤ ਵੱਲੋਂ ਭਾਗ ਲੈਣ ਵਾਲੀ ਮਹਿਲਾ ਹੈਂਡਬਲ ਖਿਡਾਰਨ ਦੀਪਾ,ਜ਼ਿਲ੍ਹਾ ਖੇਡ ਅਫ਼ਸਰ ਮੋਹਾਲੀ ਰੂਪੇਸ਼ ਕੁਮਾਰ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕਮਲਪ੍ਰੀਤ ਸ਼ਰਮਾ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸੁਖਜਿੰਦਰ ਸਿੰਘ , ਨਾਰਦਨ ਰੇਲਵੇ ਮੈਨਜ਼ ਯੂਨੀਅਨ ਅੰਬਾਲਾ ਡਿਵੀਜ਼ਨ ਦੇ ਡਿਵੀਜ਼ਨਲ ਸਕੱਤਰ ਡਾ. ਨਿਰਮਲ ਸਿੰਘ, ਪੰਜਾਬੀ ਸੂਫ਼ੀ ਕਲਾਕਾਰ ਬਲਵੀਰ, ਸਟੇਜ ਸਕੱਤਰ ਰੂਪਪ੍ਰੀਤ ਕੌਰ ਸਰਹਿੰਦ, ਡੀਐਸਪੀ ਟਰੈਫਿਕ ਐਸ.ਏ.ਐਸ. ਨਗਰ ਕਰਨੈਲ ਸਿੰਘ, ਅਮਨ ਰੁਮਾਣਾ, ਜਸਬੀਰ ਸਿੰਘ ਮੋਹਾਲੀ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪੀਸੀਪੀ ਜੋਗਿੰਦਰ ਸਿੰਘ, ਮਨੀਸ਼ ਸਾਹਨੀ, ਅਰਵਿੰਦਰਜੀਤ ਸਿੰਘ ਸੀ.ਐੱਮ.ਡੀ- ਟਾਇਨੌਰ, ਵਿਸ਼ੇਸ਼ ਮੋਦਗਿਲ ਡਾਇਰੈਕਟਰ ਐਚਆਰ – ਰੈਡੀਸਨ ਰੈੱਡ, ਵੇਰਕਾ ਟੀਮ, ਅਮਨ ਰੋਮਾਣਾ ਅਤੇ ਦਮਨਪ੍ਰੀਤ ਕੌਰ ਦਿੱਲ- ਸੇ ਸਾਈਕਲਿੰਗ ਕਲੱਬ, ਅਭਿਸ਼ੇਕ ਸ਼ੇਖੂ ਅੰਤਰਰਾਸ਼ਟਰੀ ਸਾਈਕਲਿਸਟ, ਦੇਸ਼ ਭਗਤ ਰੇਡੀਓ ਤੋਂ ਇਲਾਵਾ ਵੱਡੀ ਗਿਣਤੀ ਕੋਚ, ਖਿਡਾਰੀ ਅਤੇ ਦਰਸ਼ਕ ਹਾਜ਼ਰ ਸਨ।