ਮਾਨ ਸਰਕਾਰ ਵੱਲੋਂ 5 ਹੋਰ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ: ਹੁਣ ਤੱਕ ਕੁੱਲ 208 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ: ਡਾ. ਬਲਜੀਤ ਕੌਰ

ਪੰਜਾਬ ਵਿੱਚ ਕੋਈ ਵੀ ਬੱਚਾ ਸੜਕਾਂ ਉੱਤੇ ਨਾ ਰਹੇ, ਨਾ ਭੀਖ ਮੰਗੇ, ਨਾ ਉਤਪੀੜਨ ਦਾ ਸ਼ਿਕਾਰ ਹੋਵੇ – ਇਸ ਵਚਨਬੱਧਤਾ ਨਾਲ ਚੱਲ ਰਹੀ ਮੁਹਿੰਮ “ਪ੍ਰੋਜੈਕਟ ਜੀਵਨਜੋਤ-2” ਤਹਿਤ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੁੱਲ 208 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਜਾ ਚੁੱਕਾ ਹੈ।

ਤਾਜ਼ਾ ਕਾਰਵਾਈ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ 20 ਵਿਸ਼ੇਸ਼ ਛਾਪਿਆਂ/ਚੈਕਿੰਗਾਂ ਰਾਹੀਂ 5 ਹੋਰ ਬੱਚਿਆਂ ਨੂੰ ਰਾਹਤ ਦਿੱਤੀ ਗਈ ਹੈ।

ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਦੱਸਿਆ ਕਿ ਭੀਖ ਮੰਗ ਰਹੇ ਬੱਚਿਆਂ ਨੂੰ ਸੜਕ ਤੋਂ ਚੁੱਕ ਕੇ ਸਕੂਲ ਜਾਂ ਬਾਲ ਘਰ ਤੱਕ ਲੈ ਜਾਣਾ “ਜੀਵਨਜੋਤ” ਦਾ ਮੁੱਖ ਉਦੇਸ਼ ਹੈ।

ਡਾ. ਕੌਰ ਨੇ ਦੱਸਿਆ ਕਿ ਅੱਜ ਜਿਨ੍ਹਾਂ ਜ਼ਿਲਿਆਂ ਵਿੱਚ ਵਿਸ਼ੇਸ਼ ਛਾਪੇ ਮਾਰੇ ਗਏ, ਉਹ ਹਨ: ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਜਲੰਧਰ। ਇਨ੍ਹਾਂ ਤੋਂ ਇਲਾਵਾ ਕਪੂਰਥਲਾ, ਮਾਨਸਾ, ਮਲੇਰਕੋਟਲਾ, ਮੋਗਾ, ਪਟਿਆਲਾ, ਰੂਪਨਗਰ, ਸੰਗਰੂਰ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿੱਚ ਵੀ ਚੈਕਿੰਗ ਕੀਤੀ ਗਈ।

ਇਨ੍ਹਾਂ ਵਿੱਚੋਂ ਫਤਿਹਗੜ੍ਹ ਸਾਹਿਬ, ਪਟਿਆਲਾ, ਰੂਪਨਗਰ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚੋਂ ਇੱਕ-ਇੱਕ ਬੱਚਾ ਭੀਖ ਮੰਗਦਾ ਹੋਇਆ ਮਿਲਿਆ, ਜਿਸਨੂੰ ਤੁਰੰਤ ਰੈਸਕਿਊ ਕਰ ਲਿਆ ਗਿਆ।

ਮੰਤਰੀ ਨੇ ਦੱਸਿਆ ਕਿ ਬਚਾਏ ਗਏ 3 ਬੱਚਿਆਂ ਦੇ ਮਾਪਿਆਂ ਦੀ ਕੌਂਸਲਿੰਗ ਕੀਤੀ ਗਈ ਅਤੇ ਚੇਤਾਵਨੀ ਦੇ ਕੇ ਇਹਨਾਂ ਨੂੰ ਇਹ ਸ਼ਰਤ ਰੱਖਦਿਆਂ ਮੁੜ ਮਾਪਿਆਂ ਦੇ ਹਵਾਲੇ ਕੀਤਾ ਗਿਆ ਕਿ ਭਵਿੱਖ ਵਿੱਚ ਉਹ ਆਪਣੇ ਬੱਚਿਆਂ ਪਾਸੋਂ ਭੀਖ ਨਹੀਂ ਮੰਗਵਾਉਣਗੇ। 2 ਹੋਰ ਬੱਚਿਆਂ ਨੂੰ ਸੁਰੱਖਿਅਤ ਤੌਰ ‘ਤੇ ਬਾਲ ਘਰ ਭੇਜਿਆ ਗਿਆ। ਡਾ. ਕੌਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਮਾਪੇ ਵੱਲੋਂ ਮੁੜ ਅਜਿਹਾ ਕੀਤਾ ਗਿਆ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅੱਜ ਕਿਸੇ ਵੀ ਬੱਚੇ ਦੀ ਡੀ.ਐਨ.ਏ. ਟੈਸਟ ਦੀ ਲੋੜ ਨਹੀਂ ਪਈ। ਬਾਲ ਸੁਰੱਖਿਆ ਟੀਮਾਂ ਅਤੇ ਜ਼ਿਲਾ ਬਾਲ ਭਲਾਈ ਕਮੇਟੀਆਂ ਨੇ ਸਮੇਂ ਸਿਰ ਦਖ਼ਲ ਦੇ ਕੇ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਇਹ ਕਾਰਵਾਈ ਮੁਕੰਮਲ ਕੀਤੀ।

ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਬਾਲ ਭੀਖ ਮੁਕਤ ਅਤੇ ‘ਰੰਗਲਾ ਪੰਜਾਬ’ ਬਣਾਉਣ ਲਈ ਪੰਜਾਬ ਸਰਕਾਰ ਨਾਲ ਪੂਰਾ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਥਾਂ ਕੋਈ ਬੱਚਾ ਭੀਖ ਮੰਗਦਾ ਮਿਲੇ, ਤਾਂ ਤੁਰੰਤ ਚਾਈਲਡ ਹੈਲਪ ਲਾਈਨ 1098 ਜਾਂ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।

Leave a Reply

Your email address will not be published. Required fields are marked *