ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਲਈ ਸਲਾਹ ਜਾਰੀ

ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ (ਅਬੋਹਰ) ਦੇ ਵਿਗਿਆਨੀਆਂ ਡਾ. ਅਰਵਿੰਦ ਕੁਮਾਰ ਅਹਲਾਵਤ, ਡਾ. ਹਰਿੰਦਰ ਸਿੰਘ ਦਹੀਆ ਅਤੇ ਡਾ. ਪ੍ਰਕਾਸ਼ ਚੰਦ ਗੁਰਜਰ ਨੇ ਨਰਮੇ ਤੇ ਕਪਾਹ ਦੀ ਫਸਲ ਸਬੰਧੀ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਹੈ।
ਮਾਹਿਰਾਂ ਨੇ ਕਿਹਾ ਕਿ ਬੀ.ਟੀ. ਨਰਮੇ ਵਿਚ ਚੰਗੀ ਸਿੰਚਾਈ ਤੋਂ ਬਾਅਦ ਪ੍ਰਤੀ ਏਕੜ ਇੱਕ ਬੈਗ ਯੂਰੀਆ ਪਾਓ। ਹਰ ਬਾਰਸ਼ ਜਾਂ ਸਿੰਚਾਈ ਤੋਂ ਬਾਅਦ ਨਿਰਾਈ-ਗੁੜਾਈ ਜ਼ਰੂਰ ਕਰੋ, ਤਾਂ ਜੋ ਮਿੱਟੀ ਵਿਚ ਹਵਾ ਦਾ ਗੇੜ ਬਣਿਆ ਰਹੇ ਅਤੇ ਨਦੀਨਾਂ ਤੇ ਕੰਟਰੋਲ ਰਹੇ। ਵੱਧ ਬਾਰਸ਼ ਹੋਣ ਦੀ ਸੂਰਤ ਵਿਚ ਪਾਣੀ ਨਿਕਾਸ ਦੀ ਵਧੀਆ ਪ੍ਰਬੰਧਨ ਕਰੋ। ਇਸੇ ਤਰਾਂ ਜੇਕਰ ਕਿਤੇ ਉਖੇੜਾ ਰੋਗ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ, ਪ੍ਰਤੀ 100 ਲੀਟਰ ਪਾਣੀ ਵਿਚ 1 ਗ੍ਰਾਮ ਕੋਬਾਲਟ ਕਲੋਰਾਈਡ ਮਿਲਾ ਕੇ ਛਿੜਕਾਅ ਕਰੋ।


ਗੁਲਾਬੀ ਸੁੰਡੀ ਪ੍ਰਤੀ ਸੁਚੇਤ ਕਰਦਿਆਂ ਮਾਹਿਰਾਂ ਨੇ ਕਿਹਾ ਕਿ  ਫਸਲ ਦੀ ਉਮਰ ਜਦੋਂ 40–45 ਦਿਨ ਹੋ ਜਾਵੇ, ਤਾਂ ਫਿਰੋਮੋਨ ਟਰੈਪ ਲਗਾ ਕੇ ਨਿਗਰਾਨੀ ਕਰੋ। ਜੇ ਟਰੈਪ ’ਚ 3 ਦਿਨਾਂ ਵਿਚ 12–15 ਪਤੰਗੇ ਮਿਲਣ, ਤਾਂ ਨਿੰਬ ਆਧਾਰਿਤ ਕੀਟਨਾਸ਼ਕ ਨਿੰਬੀਸਿਡੀਨ (5 ਮਿਲੀ/ਲੀ.) ਨਾਲ ਛਿੜਕਾਅ ਕਰੋ।
ਨਰਮੇ ਦੀ ਉਮਰ 60 ਦਿਨ ਹੋਣ ਤੇ ਜੇ ਗੁਲਾਬੀ ਸੁੰਡੀ ਦਾ ਪ੍ਰਭਾਵ 5–10% ਹੋਵੇ, ਤਾਂ 3 ਮਿਲੀ ਪ੍ਰਤੀ ਲੀਟਰ ਪਾਣੀ ਵਿੱਚ ਪ੍ਰੋਫੇਨੋਫੋਸ 50 EC ਦਾ ਛਿੜਕਾਅ ਕਰੋ। ਜ਼ਰੂਰਤ ਹੋਣ ਤੇ 10–12 ਦਿਨ ਬਾਅਦ ਕਿਊਨਾਲਫਾਸ 20 AF ਦੀ 4 ਮਿਲੀ/ਲੀ. ਅਨੁਪਾਤ ਨਾਲ ਦੂਜਾ ਛਿੜਕਾਅ ਕਰੋ।
ਜੁਲਾਈ ’ਚ ਚਿੱਟੀ ਮੱਖੀ ਅਤੇ ਹਰਾ ਤੇਲਾ ਵੀ ਪੈ ਸਕਦੇ ਹਨ। ਜੇ 6–8 ਚਿੱਟੀ ਮੱਖੀ ਜਾਂ 2 ਹਰੇ ਤੇਲੇ ਪ੍ਰਤੀ ਪੱਤਾ ਮਿਲਣ, ਤਾਂ ਫਲਾਨਿਕਾਮਿਡ (ਉਲਾਲਾ 50 WG) 60 ਗ੍ਰਾਮ ਮਾਤਰਾ 175 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ।
ਇਸੇ ਤਰਾਂ ਜੇਕਰ ਦੇਸੀ ਕਪਾਹ ਤੇ ਚਿੱਤੀਦਾਰ ਸੁੰਡੀ ਵੇਖਣ ਨੂੰ ਮਿਲੇ ਤਾਂ 100–125 ਮਿਲੀ ਫੈਨਵੈਲੇਰੇਟ 20 EC ਨੂੰ 150–175 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ। ਮਾਹਿਰਾਂ ਨੇ ਕਿਹਾ ਹੈ ਕਿ ਇਸ ਲਈ ਜਰੂਰੀ ਹੈ ਕਿ ਕਿਸਾਨ ਲਗਾਤਾਰ ਖੇਤ ਦਾ ਨੀਰਿਖਣ ਕਰਦੇ ਰਹਿਣ ਅਤੇ ਜੇਕਰ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਵਿਖਾਈ ਦੇਵੇ ਤਾਂ ਤੁਰੰਤ ਕੇਵੀਕੇ ਜਾਂ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਰਾਬਤਾ ਕਰਨ।

Leave a Reply

Your email address will not be published. Required fields are marked *