ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀਐਫਆਈ), ਖੇਲੋ ਇੰਡੀਆ (ਯੂਥ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ) ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਪੰਜਾਬ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ – ਰੋਡ ਸਾਈਕਲਿੰਗ ਈਵੈਂਟ, ਮਾਰਕਿਟ ਕਮੇਟੀ ਦਫ਼ਤਰ ਸਰਹਿੰਦ ਨੇੜੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਸ. ਗੁਰਵਿੰਦਰ ਸਿੰਘ ਢਿੱਲੋਂ ਨੇ ਜਿਥੇ ਜੇਤੂਆਂ ਨੂੰ ਤਗਮੇ ਦਿੱਤੇ, ਉੱਥੇ ਈਵੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਲੜਕੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਸ. ਢਿੱਲੋਂ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ, ਖਾਸ ਕਰ ਕੇ ਲੜਕੀਆਂ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਵੱਡੀ ਗਿਣਤੀ ਮੌਕੇ ਮਿਲਦੇ ਹਨ। ਉਹਨਾਂ ਕਿਹਾ ਕਿ ਅਜਿਹੇ ਕਾਰਜਾਂ ਲਈ ਉਹ ਸਦਾ ਹਾਜ਼ਰ ਰਹਿੰਦੇ ਹਨ। ਉਹਨਾਂ ਨੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਖੇਡ ਮੁਕਾਬਲੇ ਵੱਧ ਤੋਂ ਵੱਧ ਕਰਵਾਏ ਜਾਣ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਦਾ ਕੋਹੜ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

ਇਸ ਮੌਕੇ ਅਥਲੀਟ ਕਮਿਸ਼ਨ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀ.ਐੱਫ.ਆਈ.) ਦੇ ਮੈਂਬਰ, ਕੌਮਾਂਤਰੀ ਸਾਈਕਲਿਸਟ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਦੀ ਤਰੱਕੀ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਸੂਬੇ ਦੀਆਂ ਵੱਖ-ਵੱਖ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਜ਼ ਵੱਧ ਤੋਂ ਵੱਧ ਸਾਈਕਲਿੰਗ ਈਵੈਂਟ ਕਰਵਾ ਕੇ ਸਾਈਕਲਿੰਗ ਨੂੰ ਬੁਲੰਦੀਆਂ ‘ਤੇ ਪੁੱਜਦਾ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀਆਂ ਹਨ।
ਸ. ਕਾਹਲੋਂ ਨੇ ਕਿਹਾ ਕਿ ਖੇਲੋ ਇੰਡੀਆ ਬੈਨਰ ਹੇਠ ਇਸ ਪਹਿਲਕਦਮੀ ਦਾ ਉਦੇਸ਼ ਖੇਡਾਂ ਰਾਹੀਂ ਲੜਕੀਆਂ ਨੂੰ ਸਸ਼ਕਤ ਬਣਾਉਣਾ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਸਾਈਕਲਿੰਗ ਵਿੱਚ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਅਸਮਿਤਾ ਮਹਿਲਾ ਲੀਗ ਖੇਡਾਂ ਵਿੱਚ ਲਿੰਗ ਸਮਾਨਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇੱਕ ਤੰਦਰੁਸਤ ਅਤੇ ਸਰਗਰਮ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ।

ਇਸ ਮੌਕੇ ਥਾਣੇਦਾਰ ਤੇ ਕੌਮੀ ਖਿਡਾਰਨ ਕਸ਼ਮੀਰ ਕੌਰ ਨੇ ਵੀ ਜੇਤੂਆਂ ਨੂੰ ਮੈਡਲ ਦਿੱਤੇ ਅਤੇ ਆਪਣੇ ਖੇਡ ਤਜਰਬੇ ਸਾਂਝੇ ਕਰਦਿਆਂ ਲੜਕੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣਾ ਤੇ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਮਨਦੀਪ ਕੌਸ਼ਲ ਨੇ ਜਿੱਥੇ ਇਹ ਖੇਡ ਮੁਕਾਬਲੇ ਕਰਵਾਉਣ ਲਈ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦਾ ਧੰਨਵਾਦ ਕੀਤਾ, ਉੱਥੇ ਉਹਨਾਂ ਨੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਸਫਲਤਾ ਦੇ ਗੁਰ ਵੀ ਦੱਸੇ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਖੇਡ ਵਿਭਾਗ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਖੇਡ ਖੇਤਰ ਦੀ ਪ੍ਰਫੁੱਲਤਾ ਲਈ ਸਖਤ ਮਿਹਨਤ ਕਰ ਰਿਹਾ ਹੈ, ਜਿਸ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ।

ਅੱਜ ਕਰਵਾਏ ਮੁਕਾਬਲਿਆਂ ਦੌਰਾਨ ਸਬ ਜੂਨੀਅਰ ਵਰਗ ਵਿੱਚ ਇਸ਼ਪ੍ਰੀਤ ਕੌਰ ਨੇ ਪਹਿਲਾ, ਕਿਰਨ ਯਾਦਵ ਨੇ ਦੂਜਾ ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਪਲਕ ਨੇ ਪਹਿਲਾ, ਸੁਖਮਨਪ੍ਰੀਤ ਕੌਰ ਨੇ ਦੂਜਾ ਅਤੇ ਸੀਮਾ ਨੇ ਤੀਜਾ ਸਥਾਨ ਹਾਸਲ ਕੀਤਾ। ਯੂਥ ਗਰਲਜ਼ ਵਰਗ ਵਿੱਚ ਹਰਲੀਨ ਕੌਰ ਨੇ ਪਹਿਲਾ, ਦਮਨਪਰੀਤ ਕੌਰ ਨੇ ਦੂਜਾ ਅਤੇ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਵਿਮਨ ਅਲੀਟ ਵਰਗ ਵਿੱਚ ਪਹਿਲਾ ਸਥਾਨ ਅੰਜਲੀ, ਦੂਜਾ ਸਥਾਨ ਏਂਜਲ ਭੱਟੀ ਅਤੇ ਤੀਜਾ ਸਥਾਨ ਮਾਨਿਆ ਨੇ ਹਾਸਲ ਕੀਤਾ।
ਇਸ ਈਵੈਂਟ ਨੂੰ ਸਫਲ ਬਣਾਉਣ ਵਿੱਚ ਕੌਮਾਂਤਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਕੌਮੀ ਸਾਈਕਲਿਸਟ ਸਤਿੰਦਰਪਾਲ ਸਿੰਘ, ਸੀਨੀਅਰ ਬਾਸਕਟਬਾਲ ਕੋਚ ਰਹੁਲਦੀਪ ਸਿੰਘ, ਸਿੱਖਿਆ ਵਿਭਾਗ ਵੱਲੋਂ ਈਵੈਂਟ ਨੋਡਲ ਅਫ਼ਸਰ ਸ੍ਰੀਮਤੀ ਰੂਪਪ੍ਰੀਤ ਕੌਰ, ਪਲੇਸਮੈਂਟ ਅਫ਼ਸਰ ਜਸਵਿੰਦਰ ਸਿੰਘ ਬੱਸੀ ਪਠਾਣਾਂ, ਕੌਮੀ ਹਾਕੀ ਖਿਡਾਰਨ ਤੇ ਖੇਡ ਅਧਿਆਪਕਾ ਸ਼੍ਰੀਮਤੀ ਹਰਪ੍ਰੀਤ ਕੌਰ, ਖੇਡ ਪ੍ਰਮੋਟਰ ਸ. ਜਸਬੀਰ ਸਿੰਘ ਮੋਹਾਲੀ, ਹਰਮਨਪ੍ਰੀਤ ਸਿੰਘ ਖੰਨਾ, ਪਰਗਟ ਸਿੰਘ ਲੁਧਿਆਣਾ, ਜਸਪ੍ਰੀਤ ਸਿੰਘ ਸਰਹਿੰਦ ਸਮੇਤ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਖੇਡ ਪ੍ਰੇਮੀ ਹਾਜ਼ਰ ਸਨ।
