ਜ਼ਿਲ੍ਹਾ ਫਾਜ਼ਿਲਕਾ ਵਿੱਚ ਨਿਆਂ ਪ੍ਰਣਾਲੀ ਨੂੰ ਮਿਲੀ ਨਵੀਂ ਦਿਸ਼ਾ: ਮਾਣਯੋਗ ਮਿਸ ਜਸਟਿਸ ਲਪਿਤਾ ਬੈਨਰਜੀ ਜੀ ਵੱਲੋਂ  ਫਾਜ਼ਿਲਕਾ ਜ਼ਿਲ੍ਹੇ ਦੀਆਂ ਅਦਾਲਤਾਂ ਦਾ ਦੌਰਾ ਤੇ ਨਿਰੀਖਣ, ਈ-ਮੁਲਾਕਾਤ ਸੁਵਿਧਾ ਦਾ ਉਦਘਾਟਨ

ਮਾਣਯੋਗ ਮਿਸ ਜਸਟਿਸ ਲਪਿਤਾ ਬੈਨਰਜੀ, ਪ੍ਰਬੰਧਕੀ ਜੱਜ, ਫਾਜ਼ਿਲਕਾ ਜੀ ਵੱਲੋਂ ਅੱਜ ਮਿਤੀ 20.03.2026 ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਥਾਪਤ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੀਆਂ ਅਦਾਲਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਅਦਾਲਤੀ ਪ੍ਰਬੰਧਾਂ, ਸਹੂਲਤਾਂ ਅਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਦਫ਼ਤਰ ਵਿੱਚ ਈ-ਮੁਲਾਕਾਤ ਸੁਵਿਧਾ ਦਾ ਉਦਘਾਟਨ ਮਾਣਯੋਗ ਮਿਸ ਜਸਟਿਸ ਲਪਿਤਾ ਬੈਨਰਜੀ, ਪ੍ਰਬੰਧਕੀ ਜੱਜ, ਫਾਜ਼ਿਲਕਾ ਵੱਲੋਂ ਕੀਤਾ ਗਿਆ। ਇਸ ਈ-ਮੁਲਾਕਾਤ ਕਮਰੇ ਰਾਹੀਂ ਹਿਰਾਸਤ ਵਿੱਚ ਬੰਦ ਵਿਅਕਤੀਆਂ ਅਤੇ ਉਨ੍ਹਾਂ ਦੇ ਵਕੀਲ ਸਾਹਿਬਾਨ ਦਰਮਿਆਨ ਆਸਾਨ ਅਤੇ ਸੁਚੱਜੇ ਢੰਗ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕੇਗਾ। ਇਸ ਸੁਵਿਧਾ ਦੇ ਤਹਿਤ ਹਿਰਾਸਤ ਵਿੱਚ ਬੰਦ ਵਿਅਕਤੀ ਆਪਣੇ ਵਕੀਲ ਸਾਹਿਬਾਨ ਨਾਲ ਵੀਡੀਓ ਕਾਲ ਰਾਹੀਂ ਸਿੱਧੀ ਗੱਲਬਾਤ ਕਰ ਸਕਣਗੇ ਅਤੇ ਇਸੇ ਤਰ੍ਹਾਂ ਵਕੀਲ ਸਾਹਿਬਾਨ ਵੀ ਜੇਲ੍ਹਾਂ ਜਾਂ ਹੋਰ ਹਿਰਾਸਤੀ ਸਥਾਨਾਂ ਵਿੱਚ ਬੰਦ ਆਪਣੇ ਮੁਆਕਲਾਂ ਨਾਲ ਬਿਨਾਂ ਕਿਸੇ ਦੇਰੀ ਦੇ ਸੰਪਰਕ ਕਰ ਸਕਣਗੇ। ਇਹ ਪ੍ਰਣਾਲੀ ਨਿਆਂ ਪ੍ਰਕਿਰਿਆ ਨੂੰ ਹੋਰ ਤੇਜ਼, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਰਾਹੀਂ ਵਕੀਲ ਸਾਹਿਬਾਨ ਆਪਣੇ ਮੁਆਕਲਾਂ ਨਾਲ ਕੇਸ ਦੀ ਤਿਆਰੀ, ਦਸਤਾਵੇਜ਼ਾਂ ਬਾਰੇ ਚਰਚਾ ਅਤੇ ਅਦਾਲਤੀ ਕਾਰਵਾਈ ਸੰਬੰਧੀ ਹਦਾਇਤਾਂ ਸਾਂਝੀਆਂ ਕਰ ਸਕਣਗੇ, ਜਿਸ ਨਾਲ ਕੇਸਾਂ ਦੀ ਸੁਣਵਾਈ ਵਿੱਚ ਤੇਜ਼ੀ ਆਵੇਗੀ।

ਇਹ ਈ-ਮੁਲਾਕਾਤ ਕਮਰਾ ਸਮੇਂ ਅਤੇ ਖਰਚ ਦੀ ਬਚਤ ਕਰਨ ਦੇ ਨਾਲ-ਨਾਲ ਸੁਰੱਖਿਆ ਦੇ ਪੱਖੋਂ ਵੀ ਬਹੁਤ ਲਾਭਕਾਰੀ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਹਿਰਾਸਤੀ ਵਿਅਕਤੀਆਂ ਦੀ ਭੌਤਿਕ ਹਾਜ਼ਰੀ ਦੀ ਲੋੜ ਘੱਟ ਹੋ ਜਾਵੇਗੀ ਅਤੇ ਆਵਾਜਾਈ ਨਾਲ ਸੰਬੰਧਿਤ ਜੋਖਮਾਂ ਨੂੰ ਵੀ ਘਟਾਇਆ ਜਾ ਸਕੇਗਾ। ਇਹ ਕਦਮ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਨਿਆਂ ਪ੍ਰਣਾਲੀ ਨੂੰ ਹੋਰ ਲੋਕ-ਮਿਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਲ ਹੈ।

Leave a Reply

Your email address will not be published. Required fields are marked *