ਫਾਜ਼ਿਲਕਾ ਜ਼ਿਲ੍ਹੇ ਦੇ ਚਾਹਵਾਨ ਕਿਸਾਨ ਖੇਤੀ ਮਸ਼ੀਨਾਂ ‘ਤੇ ਸਬਸਿਡੀ ਲੈਣ ਲਈ 4 ਦਸੰਬਰ 2025 ਤੱਕ ਕਰਨ ਅਪਲਾਈ-ਮੁੱਖ ਖੇਤੀਬਾੜੀ ਅਫਸਰ

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਵਿੱਚ ਵੱਖ-ਵੱਖ ਫਸਲਾਂ ਲਈ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਹਿੱਤ  ਖੇਤੀ ਮਸ਼ੀਨਾਂ ‘ਤੇ ਸਬਸਿਡੀ ਦੇਣ ਦਾ ਫੈਸਲਾ ਲਿਆ ਗਿਆ ਹੈ। ਇਹ ਮਸ਼ੀਨਾਂ ਕਿਸਾਨਾਂ ਨੂੰ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਤੇ ਫਸਲੀ ਵਿਭਿੰਨਤਾ ਸਕੀਮ ਅਧੀਨ ਸਬਸਿਡੀ ਤੇ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚ ਵੱਖ-ਵੱਖ ਤਕਨੀਕਾਂ ਵਾਲੀਆਂ ਖੇਤੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਤੋਂ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਕਿਸਾਨ ਆਨਲਾਈਨ ਮਾਧਿਅਮ ਰਾਹੀਂ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਮਿਤੀ 4 ਦਸੰਬਰ 2025 ਸ਼ਾਮ 5 ਤੱਕ ਅਪਲਾਈ ਕਰ ਸਕਦੇ ਹਨ।  

ਮੁੱਖ ਖੇਤੀਬਾੜੀ ਅਫ਼ਸਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਸਕੀਮ ਅਧੀਨ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਤਾਂ ਜੋ ਜ਼ਿਲ੍ਹਾ ਫਾਜ਼ਿਲਕਾ ਖੇਤੀ ਮਸ਼ੀਨੀਕਰਨ ਵਿੱਚ ਰਾਜ ਦੇ ਮੋਹਰੀ ਜਿਲ੍ਹਿਆਂ ਵਿੱਚ ਸ਼ਾਮਿਲ ਹੋ ਕੇ ਖੇਤੀ ਖਰਚੇ ਅਤੇ ਕੁਦਰਤੀ ਸੋਮਿਆਂ ਦੀ ਬੱਚਤ ਕਰ ਸਕੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫਸਰ/ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਜਾਂ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਨਿਊਮੈਟਿਕ ਪਲਾਂਟਰ, ਬਹੁ-ਫਸਲੀ ਥਰੈਸ਼ਰ, ਸ਼ੂਗਰਕੇਨ ਕਟਰ, ਗਰਾਂਉਂਡਨਟ ਡਿੱਗਰ, ਮੇਜ਼ ਡਰਾਇਰ, ਸ਼ੁਗਰਕੇਨ ਹਾਰਵੈਸਟਰ, ਕਾਟਨ ਸਟਾਕ ਅਪਰੂਟਰ, ਪਾਵਰ ਸਪਰੇਅਰ, ਝੋਨੇ ਦੀ ਸਿੱਧੀ ਬਿਜਾਈ ਵਾਲੀ ਡੀਐੱਸਆਰ ਡਰਿੱਲ, ਉੱਚੀਆਂ ਫਸਲਾਂ ਵਿੱਚ ਸਪਰੇ ਕਰਨ ਲਈ ਹਾਈ ਕਲੀਅਰੈਂਸ ਬੂਮ ਸਪਰੇਅਰ, ਪੀ.ਟੀ.ਓ. ਉਪਰੇਟਿਡ ਬੰਡ ਫਾਰਮਰ, ਨਰਸਰੀ ਸੀਡਰ, ਰੇਜ਼ਡ ਬੈਂਡ ਪਲਾਂਟਰ, ਟਰੈਕਟਰ ਨਾਲ ਚੱਲਣ ਵਾਲਾ ਬੂਮ ਸਪਰੇਅਰ, ਲੱਕੀ ਸੀਡ ਡਰਿਲ, ਮੈਨੂਅਲ/ਪਾਵਰ ਸਪਰੇਅਰ ਆਦਿ ਮਸ਼ੀਨਾਂ ਦੀ ਖਰੀਦ ਤੇ 40 ਫੀਸਦੀ ਤੋਂ 50 ਫੀਸਦੀ ਤੱਕ ਜਾਂ ਸਕੀਮ ਦੀਆਂ ਹਦਾਇਤਾਂ ਅਨੁਸਾਰ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਨਿਯਮ ਅਤੇ ਸ਼ਰਤਾਂ ਪੋਰਟਲ ਤੇ ਉਪਲਬਧ ਹਨ।
ਉਨ੍ਹਾਂ ਨੇ ਦੱਸਿਆ ਕਿ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨ ਡੀ.ਐਸ.ਆਰ ਡਰਿੱਲ ਦੀ ਵਰਤੋਂ ਕਰਕੇ ਜਿੱਥੇ ਪਾਣੀ ਅਤੇ ਬਿਜਲੀ ਦੀ ਬੱਚਤ ਕਰ ਸਕਦੇ ਹਨ ਉਥੇ ਹੀ ਮੱਕੀ ਅਤੇ ਹੋਰ ਫਸਲੀ ਵਿਭਿੰਨਤਾ ਵਾਲੀਆਂ ਫਸਲਾਂ ਲਈ ਨਿਊਮੈਟਿਕ ਪਲਾਂਟਰ ਵਰਤ ਕੇ ਬਿਜਾਈ ਦਾ ਕੰਮ ਵਧੀਆ ਤਰੀਕੇ ਨਾਲ ਅਤੇ ਘੱਟ ਸਮੇਂ ਵਿੱਚ ਕਰਕੇ ਸਮੇਂ ਦੀ ਬੱਚਤ ਅਤੇ ਵਾਧੂ ਬੀਜ ਦੇ ਖਰਚੇ ਦੀ ਬੱਚਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਰਜੀ ਭਰਨ ਸਮੇਂ ਕਿਸਾਨਾਂ ਕੋਲ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਜ਼ਮੀਨ ਦੀ ਮਾਲਕੀ ਦੀ ਫਰਦ ਅਤੇ ਅਨੁਸੁਚਿਤ ਜਾਤੀ ਸਰਟੀਫਿਕੇਟ (ਜੇਕਰ ਬਿਨੇਕਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਵੇ) ਆਦਿ ਦੀਆਂ ਸਕੈਨਡ ਕਾਪੀਆਂ ਹੋਣਾ ਲਾਜ਼ਮੀ ਹੈ। ਕੇਵਲ 5 ਹਜ਼ਾਰ ਰੁਪਏ ਦੀ ਮੋੜਨਯੋਗ ਟੋਕਨ ਮਨੀ ਜਮ੍ਹਾਂ ਕਰਵਾਉਣ ਵਾਲੇ ਬਿਨੈਕਾਰ ਨੂੰ ਹੀ ਸਕੀਮ ਅਧੀਨ ਵਿਚਾਰਿਆ ਜਾਵੇਗਾ। ਕਸਟਮ ਹਾਇਰਿੰਗ ਸੈਂਟਰ ਖੋਲਣ ਲਈ ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾਂ ਅਤੇ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਦੇ ਮੁਖੀ ਅਤੇ ਮੈਂਬਰਾਂ ਦੇ ਆਧਾਰ ਕਾਰਡ ਨੰਬਰ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਬਿਨੈਕਾਰ ਜਿਸ ਕੈਟਾਗਰੀ ਨਾਲ ਸਬੰਧਤ ਹੋਣ, ਉਸੇ ਕੈਟਾਗਰੀ ਵਿੱਚ ਹੀ ਅਪਲਾਈ ਕਰਨ ਤੇ ਹੀ ਸਬਸਿਡੀ ਦੇ ਹੱਕਦਾਰ ਹੋਣਗੇ।
ਉਨ੍ਹਾਂ ਦੱਸਿਆ ਕਿ ਅਰਜ਼ੀਆਂ ਪ੍ਰਾਪਤ ਹੋਣ ਉਪਰੰਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਲੋੜ ਪੈਣ ਤੇ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਡਰਾਅ ਸਿਸਟਮ ਰਾਹੀਂ ਯੋਗ ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। ਕਿਸਾਨਾਂ ਨੂੰ ਆਨਲਾਈਨ ਮਨਜ਼ੂਰੀ ਪੱਤਰ ਪੋਰਟਲ ਰਾਹੀਂ ਹੀ ਜਾਰੀ ਕੀਤੇ ਜਾਣਗੇ, ਜਿਸ ਉਪਰੰਤ ਕਿਸਾਨ ਮਿੱਥੇ ਸਮੇਂ ਦੇ ਅੰਦਰ-ਅੰਦਰ ਵਿਭਾਗ ਵਲੋਂ ਪ੍ਰਵਾਨਿਤ ਅਤੇ ਪੋਰਟਲ ਵਿੱਚ ਦਰਜ ਕਿਸੇ ਵੀ ਮਸ਼ੀਨਰੀ ਨਿਰਮਾਤਾ ਜਾਂ ਡੀਲਰ ਤੋਂ ਮਸ਼ੀਨ ਦੀ ਖਰੀਦ ਕਰ ਸਕਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸਕੀਮ ਅਧੀਨ ਅਪਲਾਈ ਕਰਨ ਲਈ ਖੇਤੀਬਾੜੀ ਵਿਭਾਗ ਨਾਲ ਨਿਰੰਤਰ ਰਾਬਤਾ ਕਾਇਮ ਰੱਖਣ ਅਤੇ ਲੋੜ ਪੈਣ ਤੇ ਜਾਂ ਕਿਸੇ ਸਮੱਸਿਆ ਲਈ ਜਾਂ ਹੋਰ ਜਾਣਕਾਰੀ ਲਈ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ।

Leave a Reply

Your email address will not be published. Required fields are marked *