ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਆਈ ਏ ਐਸ ਨੇ ਅੱਜ ਇੱਥੇ ਮੀਡੀਆ ਕਰਮੀਆਂ ਨਾਲ ਇਕ ਰਸਮੀ ਬੈਠਕ ਦੌਰਾਨ ਆਖਿਆ ਕਿ ਮੀਡੀਆ ਦੀ ਸਮਾਜਿਕ ਵਿਕਾਸ ਵਿਚ ਇਸਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਯੁੱਗ ਸੂਚਨਾਵਾਂ ਦਾ ਹੈ ਅਤੇ ਪੱਤਰਕਾਰ ਜਿੱਥੇ ਸੂਚਨਾਵਾਂ ਦੇ ਸਾਰਥਕ ਪ੍ਰਵਾਹ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਦੇ ਹਨ, ਉੱਥੇ ਹੀ ਲੋਕਾਂ ਦੀ ਅਵਾਜ਼ ਵੀ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਨ। ਇਸ ਤਰਾਂ ਉਹ ਦੋ ਤਰਫਾ ਸੰਚਾਰ ਦਾ ਮਾਧਿਅਮ ਬਣਦੇ ਹਨ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਲੋਕਾਂ ਤੱਕ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਪੁੱਜਦਾ ਕਰਕੇ ਮੀਡੀਆ ਸਲਾਘਾਯੋਗ ਰੋਲ ਨਿਭਾ ਰਿਹਾ ਹੈ ਅਤੇ ਇਸ ਨਾਲ ਲੋਕ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਅਤੇ ਲੋਕ ਪੱਖੀ ਪ੍ਰੋਗਰਾਮਾਂ ਦੀ ਜਾਣਕਾਰੀ ਮੀਡੀਆ ਰਾਹੀਂ ਹੀ ਆਮ ਲੋਕਾਂ ਤੱਕ ਪਹੁੰਚਦੀ ਹੈ।

ਇਸ ਮੌਕੇ ਉਨ੍ਹਾਂ ਨੇ ਮੀਡੀਆ ਦੇ ਸਾਥੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਵੱਖ ਵੱਖ ਖੇਤਰਾਂ ਨਾਲ ਸਬੰਧਤ ਫੀਡਬੈਕ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਨਾਲ ਸਾਂਝਾ ਕਰਦੇ ਰਹਿਣ ਤਾਂ ਜੋ ਲੋਕ ਮਸਲਿਆਂ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਕ ਮੀਡੀਆ ਕਰਮੀ ਵਿਆਪਕ ਪੱਧਰ ਤੇ ਸਮਾਜ ਵਿਚ ਵਿਚਰਦਾ ਹੈ ਅਤੇ ਉਸ ਕੋਲ ਲੋਕਾਂ ਨਾਲ ਜੁੜੇ ਮਸਲਿਆਂ ਦੀ ਵਿਆਪਕ ਅਤੇ ਸਾਰਥਕ ਸਮਝ ਹੁੰਦੀ ਹੈ।
ਇਸ ਮੌਕੇ ਉਨ੍ਹਾਂ ਨੇ ਸਾਰੇ ਹੀ ਮੀਡੀਆ ਕਰਮੀਆਂ ਤੋਂ ਉਨ੍ਹਾਂ ਦੇ ਇਸ ਵਿਸ਼ੇ ਸਬੰਧੀ ਵਿਚਾਰ ਲਏ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਪ੍ਰਭਾਵੀ ਤਰੀਕੇ ਨਾਲ ਹੱਲ ਕਰਨ ਸਬੰਧੀ ਵਿਭਾਗਾਂ ਨੂੰ ਹਦਾਇਤ ਕੀਤੀ ਜਾਵੇਗੀ। ਸਮੂਹ ਮੀਡੀਆ ਕਰਮੀਆਂ ਨੇ ਭਰੋਸਾ ਦਿੱਤਾ ਕਿ ਪ੍ਰੈਸ ਤੇ ਪ੍ਰਸ਼ਾਸਨ ਦੀ ਇਹ ਸਾਂਝ ਇਸੇ ਤਰਾਂ ਬਣੀ ਰਹੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਵੀ ਹਾਜ਼ਰ ਸਨ।