ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਐਗ੍ਰੀਸਟੈਕ ਫਾਰਮਰ ਰਜਿਸਟਰੀ ਤਹਿਤ ਕਿਸਾਨ ਆਈ.ਡੀ. ਤਿਆਰ ਕਰਨ ਦੀ ਪ੍ਰਕਿਰਿਆ ਇਸ ਸਮੇਂ ਜ਼ਿਲ੍ਹੇ ਵਿੱਚ ਚੱਲ ਰਹੀ ਹੈ।
ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ (ਪੀ.ਐਮ -ਕਿਸਾਨ) ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈ.ਡੀ. ਦਾ ਪੀ.ਐਮ-ਕਿਸਾਨ ਡਾਟਾਬੇਸ ਨਾਲ ਸੀਡਿੰਗ ਕਰਨਾ ਲਾਜ਼ਮੀ ਹੋਵੇਗਾ। ਸਿਰਫ ਉਹੀ ਕਿਸਾਨ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਫਾਰਮਰ ਆਈ.ਡੀ. ਤਿਆਰ ਹੋ ਚੁੱਕੀ ਹੋਵੇਗੀ ਅਤੇ ਉਹ ਪੀ.ਐਮ -ਕਿਸਾਨ ਡਾਟਾਬੇਸ ਨਾਲ ਜੋੜੀ ਹੋਵੇਗੀ।
ਫਾਰਮਰ ਆਈ.ਡੀ. ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ (CSC) ਰਾਹੀਂ ਕੀਤਾ ਜਾ ਰਿਹਾ ਹੈ। ਪਿੰਡ ਪੱਧਰ ‘ਤੇ ਇਹ ਕੰਮ ਵਿਲੇਜ ਲੈਵਲ ਇੰਟਰਪ੍ਰਿਨਿਊਰ (VLE) ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਜ਼ਰੂਰੀ ਦਸਤਾਵੇਜ਼ਾਂ, ਅਧਾਰ ਕਾਰਡ, ਜਮ੍ਹਾਂਬੰਦੀ, ਅਤੇ ਰਜਿਸਟਰਡ ਮੋਬਾਇਲ ਨੰਬਰ ਨਾਲ ਆਪਣੀ ਫਾਰਮਰ ਆਈ.ਡੀ. ਬਣਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ ਹਰਪ੍ਰੀਤਪਾਲ ਕੌਰ ਨੇ ਜਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਫਾਰਮਰ ਆਈ.ਡੀ. ਬਣਵਾ ਲੈਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਯੋਜਨਾ, ਖਾਸ ਕਰਕੇ ਪੀ.ਐਮ-ਕਿਸਾਨ ਦੇ ਲਾਭ ਤੋਂ ਵਾਂਝੇ ਨਾ ਰਹਿਣ।
