ਪਿਛਲੀ ਕਾਂਗਰਸ ਸਰਕਾਰ ਦੀ ਚਾਲਬਾਜੀਆਂ ਤੇ ਫਾਜ਼ਿਲਕਾ ਦੇ ਲੋਕਾਂ ਨਾਲ ਕੀਤੇ ਗਏ ਧੋਖੇ ਦੀ ਸਚਾਈ ਉਦੋਂ ਸਾਹਮਣੇ ਆਈ ਜਦੋਂ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਥਾਨਕ ਨਵੇਂ ਬੱਸ ਅੱਡੇ ਨੂੰ ਚਲਾਉਣ ਦਾ ਮੁੱਦਾ ਵਿਧਾਨ ਸਭਾ ਵਿਚ ਚੁੱਕਿਆ ਤੇ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਜਵਾਬ ਦਿੰਦਿਆਂ ਕਿਹਾ ਕਿ ਸ਼ਰਤਾਂ ਪੂਰੀਆਂ ਨਾ ਕਰਕੇ ਇਹ ਬਸ ਅੱਡਾ ਬਣਾਇਆ ਗਿਆ ਹੈ।ਜਿਸ ਕਰਕੇ ਇਹ ਬੱਸ ਅੱਡਾ ਅੱਜ ਤੱਕ ਚੱਲ ਨਹੀਂ ਸਕਿਆ। ਬੱਸ ਅੱਡਾ ਬਣਾਏ ਜਾਣ ਸਮੇਂ ਟਰਾਂਸਪੋਰਟ ਵਿਭਾਗ ਤੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ। ਉਹਨਾਂ ਨੇ ਕਿਹਾ ਕਿ ਲੋਕ ਹਿਤਾਂ ਨੂੰ ਛਿਕੇ ਟੰਗ ਕੇ ਕਾਂਗਰਸ ਸਰਕਾਰ ਵੱਲੋਂ ਆਪਣਾ ਨਿਜੀ ਸਵਾਰਥ ਪਗਾਉਂਦਿਆਂ ਸੁਵਿਧਾਵਾਂ ਰਹਿਤ ਬਸ ਸਟੈਂਡ ਦੀ ਉਸਾਰੀ ਕੀਤੀ ਗਈ। ਜਿਸ ਵਿਚ ਨਾ ਤਾਂ ਪੰਪ, ਨਾ ਹੀ ਸਬ ਡਿਪੂ, ਨਾ ਹੀ ਵਰਕਸ਼ਾਪ ਹੈ ਅਤੇ ਨਾ ਹੀ ਹੋਰ ਕਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਗਿਆ। ਪਤਾ ਨਹੀਂ ਕਿਉਂ ਇਸ ਅਧੂਰੇ ਬਸ ਸਟੈਂਡ ਦੀ ਉਸਾਰੀ ਕਰ ਦਿੱਤੀ ਗਈ। ਉਸ ਤੋਂ ਬਾਅਦ ਇਸ ਅਧੂਰੇ ਬੱਸ ਅੱਡੇ ਦਾ ਚਰਨਜੀਤ ਸਿੰਘ ਚੰਨੀ ਵਲੋਂ ਉਦਘਾਟਨ ਵੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਧ-ਪਚਧੇ ਬਸ ਸਟੈਂਡ ਦਾ ਉਦਘਾਟਨ ਕਰਕੇ ਲੋਕਾਂ ਨਾਲ ਖਿਲਵਾੜ ਕੀਤਾ ਗਿਆ। ਕਾਂਗਰਸ ਸਰਕਾਰ ਨੇ ਲੋਕਾਂ ਦੇ ਸਾਢੇ 5 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ। ਟਰਾਂਸਪੋਰਟ ਮੰਤਰੀ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਬੱਸ ਅੱਡੇ ਦੀ ਜਾਂਚ ਕਰਵਾਉਣ ਲਈ ਵੀ ਕਿਹਾ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਜਿਥੇ ਪੁਰਾਣਾ ਬਸ ਸਟੈਂਡ ਹੈ ਉਹ ਰੇਲਵੇ ਸਟੇਸ਼ਨ ਦੇ ਕੋਲ ਹੈ ਅਤੇ ਉਸਦੇ ਨਾਲ ਮੁੱਖ ਬਜਾਰ ਵੀ ਲਗਦੇ ਹਨ ਤੇ ਉਥੋਂ ਦਾ ਵਪਾਰ ਵਰਗ ਵੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਸਾਢੇ 5 ਕਰੋੜ ਲਗਾ ਕੇ ਜਿਥੇ ਪੈਸੇ ਦੀ ਦੁਰਵਰਤੋਂ ਕੀਤੀ ਉਥੇ ਲੋਕਾਂ ਨਾਲ ਕੋਝਾ ਮਜਾਕ ਵੀ ਕੀਤਾ ਹੈ।
ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਸਥਾਨਕ ਸਰਕਾਰਾਂ ਨੂੰ ਅਪੀਲ ਕੀਤੀ ਕਿ ਸੁਵਿਧਾਵਾਂ ਰਹਿਤ ਬਣਾਏ ਗਏ ਬਸ ਸਟੈਂਡ ਦੀ ਜਾਂਚ ਕਰਵਾਈ ਜਾਵੇ ਅਤੇ ਇਸ ਵਿਚ ਜੇਕਰ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
