ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਬੀਤੇ ਦਿਨੀ ਪੰਜਾਬ ਲੋਕ ਭਵਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਕਿ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਸਰਹੱਦੀ ਜ਼ਿਲ੍ਹਿਆਂ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਚਾਰ-ਰੋਜ਼ਾ ਜਾਗਰੂਕਤਾ ਪੈਦਲ ਯਾਤਰਾ ਕੱਢੀ ਜਾਣੀ ਹੈ, ਜਿਸਦੀ ਅਗਵਾਈ ਉਹ ਖੁਦ ਕਰਨਗੇ
ਇਸੇ ਤਹਿਤ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸਾ-ਨਿਰਦੇਸ਼ਾਂ *ਤੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਕਿ ਮਾਨਯੋਗ ਰਾਜਪਾਲ ਪੰਜਾਬ 11 ਤੋਂ 12 ਫਰਵਰੀ ਤੱਕ ਜ਼ਿਲ੍ਹਾ ਫਾਜ਼ਿਲਕਾ ਵਿਖੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਈ ਕਰਨਗੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 11 ਫਰਵਰੀ 2026 ਨੂੰ ਮਾਨਯੋਗ ਰਾਜਪਾਲ ਪੰਜਾਬ ਜੀ ਫਾਜ਼ਿਲਕਾ ਦੇ ਜੱਟਵਾਲੀ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਮਾਨਯੋਗ ਰਾਜਪਾਲ ਪੰਜਾਬ ਆਸਫ ਵਾਲਾ ਸ਼ਹੀਦੀ ਸਮਾਰਕ ਵਿਖੇ ਨਤਮਸਤਕ ਹੋਣਗੇ ।ਇਸ ਉਪਰੰਤ ਸੰਜੀਵ ਸਿਨੇਮਾ ਫਾਜ਼ਿਲਕਾ ਤੋਂ ਘੰਟਾ ਘਰ ਫਾਜ਼ਿਲਕਾ ਤੱਕ ਪੈਦਲ ਮਾਰਚ ਦੀ ਅਗਵਾਈ ਕਰਨਗੇ ਤੇ ਸਰਹੱਦੀ ਜ਼ਿਲ੍ਹੇ ਦੀਆਂ ਪਿੰਡ ਸੁਰੱਖਿਆ ਕਮੇਟੀਆਂ (ਵੀ.ਡੀ.ਸੀ) ਨਾਲ ਮੀਟਿੰਗ ਕਰਨਗੇ।
ਜ਼ਿਲ੍ਹਾ ਫਾਜ਼ਿਲਕਾ ਦੇ ਦੂਸਰੇ ਦਿਨ ਦੇ ਦੌਰੇ ਦੌਰਾਨ ਮਾਨਯੋਗ ਰਾਜਪਾਲ ਪੰਜਾਬ ਮਿਤੀ 12 ਫਰਵਰੀ 2026 ਨੂੰ ਮਿਉਸਪਲ ਕਾਰਪੋਰੇਸ਼ਨ ਦਫਤਰ ਅਬੋਹਰ ਤੋਂ ਡੀ.ਏ.ਵੀ. ਕਾਲਜ ਅਬੋਹਰ ਤੱਕ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਪੈਦਲ ਯਾਤਰਾ ਦੀ ਅਗਵਾਈ ਕਰਨਗੇ। ਉਨ੍ਹਾਂ ਵਿਭਾਗਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਮਾਨਯੋਗ ਰਾਜਪਾਲ ਪੰਜਾਬ ਦੀ ਆਮਦ ਦੇ ਮੱਦੇਨਜਰ ਸਾਰੇ ਪੁਖਤਾ ਪ੍ਰਬੰਧ ਯਕੀਨੀ ਬਣਾ ਲਏ ਜਾਣ ਤੇ ਆਮਦ ਦੀਆਂ ਤਿਆਰੀਆਂ ਸਬੰਧੀ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਜਨਤਕ ਭਾਗੀਦਾਰੀ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਜਿਸ ਦਾ ਮੁੱਖ ਉਦੇਸ਼ ਨਸ਼ਿਆਂ ਖਿਲਾਫ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਸਾਡਾ ਭਵਿੱਖ ਇਸ ਭੈੜੀ ਅਲਾਮਤ ਤੋਂ ਦੂਰ ਰਹੇ ਤੇ ਸਾਡਾ ਸੂਬਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣੇ।
