ਹੜ੍ਹ ਪ੍ਰਭਾਵਿਤ ਮਰੀਜ਼ਾਂ ਨੂੰ ਪਹਿਲ ਦੇ ਅਧਾਰ ‘ਤੇ ਦਿੱਤੀਆਂ ਜਾਣ ਸਿਹਤ ਸੇਵਾਵਾਂ: ਸਿਵਲ ਸਰਜਨ ਡਾਕਟਰ ਰਾਜ ਕੁਮਾਰ

ਫਾਜ਼ਿਲਕਾ 4 ਸਤੰਬਰ

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਵੱਲੋਂ  ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਹਨਾਂ ਨੇ ਕਾਵਾਂ ਵਾਲੀ ਹੈਡ ਵਿਖੇ ਸਿਹਤ ਵਿਭਾਗ ਵਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਦੌਰਾ ਕੀਤਾ। ਉਹਨਾਂ ਵੱਲੋਂ ਮੈਡੀਕਲ ਟੀਮਾਂ ਕੋਲੋਂ ਚੱਲ ਰਹੇ ਸਿਹਤ ਕੈਂਪ ਦੀ ਰਿਪੋਰਟ ਲਈ ਗਈ ਅਤੇ ਮਰੀਜ਼ਾਂ ਦਾ ਹਾਲ ਵੀ ਪੁੱਛਿਆ ਗਿਆ। ਉਹਨਾਂ ਵੱਲੋਂ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਸਿਹਤ ਕਰਮੀਆਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਰਾਹਤ ਕੰਮਾਂ ਵਿੱਚ ਲੱਗੀਆਂ ਮੈਡੀਕਲ ਟੀਮਾਂ ਨੂੰ ਹਦਾਇਤ ਕੀਤੀ ਗਈ ਕਿ ਮਰੀਜ਼ ਰੈਫਰ ਕਰਨ ਕਰਨ ਸਮੇਂ ਤੁਰੰਤ ਰਾਬਤਾ ਕਾਇਮ ਰੱਖਿਆ ਜਾਵੇ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਦੇ ਹਾਲਾਤਾਂ ਵਿੱਚ ਮਰੀਜ਼ ਦਾ ਬਣਦਾ ਇਲਾਜ ਤੁਰੰਤ ਹੋ ਸਕੇ। ਸਿਵਲ ਸਰਜਨ, ਫਾਜ਼ਿਲਕਾ ਵੱਲੋਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਵੀ ਕਿਹਾ ਕਿ ਦਵਾਈਆਂ ਦਾ ਸਟਾਕ ਪੂਰਾ ਹੋਣਾ ਚਾਹੀਦਾ ਹੈ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਚੋਂ ਆਏ ਮਰੀਜ਼ਾਂ ਦਾ ਪਹਿਲ ਦੇ ਅਧਾਰ ‘ਤੇ ਚੈਕਅੱਪ ਕੀਤਾ ਜਾਵੇ। ਉਨ੍ਹਾਂ ਵੱਲੋਂ ਸਟਾਫ਼ ਨੂੰ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ। ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਰਿਲੀਫ਼ ਕੈਂਪਾਂ ਵਿਖੇ ਫੋਗਿੰਗ ਕੀਤੀ ਜਾ ਚੁੱਕੀ ਹੈ। ਅੱਜ ਟੀਮਾਂ ਵਲੋਂ ਰੇਤੇ ਵਾਲੀ ਭੈਣੀ ਅਤੇ ਢਾਣੀ ਸੱਦਾ ਸਿੰਘ ਵਿਖੇ ਲੋਕਾਂ ਨੂੰ ਕੁਸ਼ਤੀਆਂ ਰਾਹੀਂ ਸਿਹਤ ਸਹੂਲਤਾਂ ਦਿੱਤੀਆਂ ਗਈਆਂ। ਇਸ ਦੋਰਾਨ ਮੈਡੀਕਲ ਅਫਸਰ ਡਾਕਟਰ ਯੁਗਾਂਤਰ ਉਪਵੇਜਾ, ਓਪਥੈਲਮਿਕ ਅਫਸਰ ਮਨਦੀਪ ਸਿੰਘ, ਕਮਿਊਨਿਟੀ ਹੈਲਥ ਅਫਸਰ ਸੰਜੇ ਕੁਮਾਰ, ਕਮਿਊਨਿਟੀ ਹੈਲਥ ਅਫਸਰ ਜਸਕਰਨ ਸਿੰਘ, ਮਲਟੀ ਪਰਪਜ਼ ਹੈਲਥ ਵਰਕਰ ਤਰਸੇਮ ਸਿੰਘ ਅਤੇ ਮਲਟੀ ਪਰਪਜ਼ ਹੈਲਥ ਵਰਕਰ ਅਨੀਸ਼ ਕੁਮਾਰ ਡਰਾਈਵਰ ਕੁਲਦੀਪ ਸੋਢੀ ਹਾਜਰ ਹਨ।

Leave a Reply

Your email address will not be published. Required fields are marked *