ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਆਪਣੇ ਭੋਜਨ ਦਾ ਖਾਸ ਧਿਆਨ ਰੱਖਣ: ਡਾਕਟਰ ਰਾਜ ਕੁਮਾਰ ਸਿਵਲ ਸਰਜਨ।
ਪੰਜਾਬ ਸਰਕਾਰ ਪੰਜਾਬ ਨਿਵਾਸੀਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਲਈ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਖੁਰਾਕ ਸਬੰਧੀ ਸਲਾਹ ਜਾਰੀ ਕੀਤੀ ਗਈ ਹੈ। ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ 21 ਸਾਲ ਦੀ ਉਮਰ ਤੋਂ ਪਹਿਲਾਂ ਗਰਭ ਧਾਰਣ ਨਾ ਕਰੋ, ਗਰਭ ਧਾਰਣ ਤੋਂ ਪਹਿਲਾਂ ਸਰੀਰਕ ਵਜ਼ਨ ਠੀਕ ਰੱਖੋ, ਅਨੀਮੀਆ ਜਾਂ ਖੂਨ ਦੀ ਕਮੀ ਦੀ ਜਾਂਚ ਅਤੇ ਇਲਾਜ ਕਰਵਾਓ, ਬਲੱਡ ਪ੍ਰੈਸ਼ਰ ਚੈੱਕ ਕਰਵਾਓ, ਟੀਕਾਕਰਣ ਕਰਵਾਓ, ਗਰਭ ਧਾਰਣ ਤੋਂ ਇੱਕ ਮਹੀਨੇ ਪਹਿਲਾਂ ਫੋਲਿਕ ਏਸਿਡ ਲਵੋ ਅਤੇ ਗਰਭ ਅਵਸਥਾ ਦੌਰਾਨ ਵੀ ਜਾਰੀ ਰੱਖੋ। ਗਰਭਵਤੀ ਔਰਤਾਂ ਨੂੰ 350 ਕੈਲੋਰੀ ਤੋਂ ਵੱਧ ਊਰਜਾ ਅਤੇ 1.1 ਗ੍ਰਾਮ ਪ੍ਰਤੀ ਕਿਲੋਗ੍ਰਾਮ ਭਾਰ ਦੇ ਮੁਤਾਬਿਕ ਪ੍ਰੋਟੀਨ ਦੀ ਲੋੜ ਹੁੰਦੀ ਹੈ। ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ 600 ਕੈਲੋਰੀ ਤੋਂ ਵੱਧ ਊਰਜਾ ਅਤੇ 1.3 ਗ੍ਰਾਮ ਪ੍ਰਤੀ ਕਿਲੋਗ੍ਰਾਮ ਭਾਰ ਦੇ ਮੁਤਾਬਿਕ ਪ੍ਰੋਟੀਨ ਦੀ ਲੋੜ ਹੁੰਦੀ ਹੈ। ਅਨਾਜ, ਦਾਲਾਂ, ਮੱਛੀ, ਚਿਕਨ, ਹਰੇ ਪੱਤੇਦਾਰ ਸਬਜੀਆਂ, ਫ਼ਲ, ਦੁੱਧ ਅਤੇ ਸੁੱਕੇ ਮੇਵੇ, ਘਿਓ ਆਦਿ ਉਚਿਤ ਮਾਤਰਾ ਵਿੱਚ ਆਹਾਰ ਵਿੱਚ ਸ਼ਾਮਿਲ ਕਰੋ।

ਉਹਨਾਂ ਕਿਹਾ ਕਿ ਰਿਵਾਇਤੀ ਅਤੇ ਮੌਸਮੀ ਭੋਜਨ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਿਨ ਵਿੱਚ 3 ਤੋਂ 4 ਲਿਟਰ ਪਾਣੀ ਪੀਓ। ਪੈਕਟ ਭੋਜਨ ਪਦਾਰਥਾਂ ਦੀ ਵਰਤੋਂ ਨਾ ਕਰੋ। ਚਾਹ ਅਤੇ ਕੌਫ਼ੀ ਦਾ ਭੋਜਨ ਦੇ ਨਾਲ ਸੇਵਨ ਨਾ ਕਰੋ। ਹਰ ਰੋਜ਼ 8 ਘੰਟੇ ਨੀਂਦ ਜਰੂਰ ਲਵੋ। ਆਇਰਨ, ਫੋਲਿਕ ਏਸਿਡ, ਕੈਲਸ਼ੀਅਮ ਅਤੇ ਵਿਟਾਮਿਨ ਡੀ ਡਾਕਟਰ ਦੀ ਸਲਾਹ ਅਨੁਸਾਰ ਲਵੋ।
ਇੱਕ ਤੰਦਰੁਸਤ ਬੱਚੇ ਨੂੰ ਜਨਮ ਦੇਣ ਲਈ ਗਰਭ ਅਵਸਥਾ ਦੌਰਾਨ ਔਰਤ ਦੇ ਵਜ਼ਨ ਵਿੱਚ ਲਗਭਗ 10 ਤੋਂ 12 ਕਿਲੋ ਦਾ ਵਾਧਾ ਹੋਣਾ ਚਾਹੀਦਾ ਹੈ। ਗੂੰਦ, ਮੇਥੀ, ਤਿਲ, ਖਜੂਰ ਦੇ ਲੱਡੂ, ਅਲਸੀ ਪਿੰਨੀ ਅਤੇ ਪੰਜ਼ੀਰੀ ਦੇ ਸੇਵਨ ਨਾਲ ਸਰੀਰ ਨੂੰ ਜਰੂਰੀ ਪੌਸ਼ਕ ਤੱਤ ਵੀ ਮਿਲਦੇ ਹਨ ਅਤੇ ਔਰਤ ਸਿਹਤਮੰਦ ਰਹਿੰਦੀ ਹੈ। ਗਲਤ ਧਾਰਨਾਵਾਂ ਨੂੰ ਦੂਰ ਕਰੋ ਜਿਵੇਂ ਗਰਭਵਤੀ ਔਰਤ ਨੂੰ ਪਪੀਤਾ ਜਾਂ ਅਨਾਨਾਸ ਨਹੀਂ ਖਾਣਾ ਚਾਹੀਦਾ ਹੈ, ਦੋ ਜਣਿਆਂ ਦੇ ਬਰਾਬਰ ਖਾਣਾ ਚਾਹੀਦਾ ਹੈ, ਘਿਓ ਖਾਣ ਨਾਲ ਜਣੇਪਾ ਸੁਖਾਲਾ ਹੁੰਦਾ ਹੈ, ਠੰਢ ਜਾਂ ਜੁਕਾਮ ਵੇਲੇ ਦਹੀਂ ਨਹੀਂ ਖਾਣੀ ਚਾਹੀਦੀ।
ਉਹਨਾਂ ਅਪੀਲ ਕੀਤੀ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਸਮੇਂ ਸਮੇਂ ਤੇ ਔਰਤ ਰੋਗਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਦੇ ਰਹੋ। ਨਿਯਮਤ ਟੀਕਾਕਰਣ ਸੂਚੀ ਅਨੁਸਾਰ ਟੀਕਾਕਰਣ ਜਰੂਰ ਕਰਵਾਓ।