ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਬੀ ਐਸ ਐਫ਼ ਪੋਸਟ ਦਿਲਾਵਰ ਭੈਣੀ ਵਿੱਚ ਮੱਛਰਾਂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਗਤੀਵਿਧੀਆਂ ਕੀਤੀਆਂ

ਫਾਜ਼ਿਲਕਾ  10 ਸਤੰਬਰ 
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਅਤੇ ਡਾਕਟਰ ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੱਛਰਾਂ ਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ  ਗਤੀਵਿਧੀਆਂ ਕੀਤੀਆਂ ਗਈਆਂ।
ਡਾਕਟਰ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦੋ ਟੀਮਾਂ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਵਿੱਕੀ ਕੁਮਾਰ, ਗੁਰਜੀਤ ਸਿੰਘ, ਅਨੀਸ਼ ਕੁਮਾਰ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਟੀਮਾਂ ਵੱਲੋਂ ਪਿੰਡ ਮੁਹਾਰ ਜ਼ਮਸ਼ੇਰ, ਦੋਨਾ ਨਾਨਕਾ, ਲਾਭ ਸਿੰਘ ਭੈਣੀ, ਭੈਣੀ ਦਿਲਾਵਰ ਬੀ ਐਸ ਐਫ਼ ਪੋਸਟ ਵਿਖੇ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗ੍ਰਾਮ ਅਧੀਨ ਗਤੀਵਿਧੀਆਂ ਕੀਤੀਆਂ ਗਈਆਂ। ਬਹੁਤ ਥਾਵਾਂ ਤੇ ਲਾਰਵਾ ਲੱਭ ਕੇ ਨਸ਼ਟ ਕਰਵਾਇਆ ਗਿਆ। ਐਂਟੀ ਲਾਰਵਾ ਸਪ੍ਰੇਅ ਅਤੇ ਫੋਗਿੰਗ ਕੀਤੀ ਗਈ।  
ਇਸ ਸਮੇਂ ਡਾਕਟਰ ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡਮੈਲੋਜਿਸਟ ਨੇ ਜਾਗਰੂਕ ਕਰਕੇ ਹੋਏ ਦੱਸਿਆ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਰੱਖ ਕੇ ਹੀ ਮੱਛਰਾਂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹੜ੍ਹਾਂ ਅਤੇ ਬਰਸਾਤਾਂ ਦਾ ਪਾਣੀ ਖੜਾ ਹੋਣ ਕਾਰਨ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਡੇਂਗੂ ਅਤੇ ਮਲੇਰੀਆ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਹਨ। ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਦੀ @ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ@ ਮੁਹਿੰਮ ਅਧੀਨ ਹਰੇਕ ਸ਼ੁੱਕਰਵਾਰ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਖਾਲੀ ਕਰਕੇ ਸੁਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।
ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ, ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਵੋ, ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ, ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲ੍ਹੇ ਵਿੱਚ ਨਾ ਰੱਖੋ ਅਤੇ ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ ਅਤੇ ਸੰਤੁਲਿਤ ਭੋਜਨ ਖਾਓ। ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਅਤੇ ਇਲਾਜ ਕਰਵਾਓ। ਡੇਂਗੂ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਹੜ੍ਹਾਂ ਦੇ ਪਾਣੀ ਨਾਲ਼ ਹੈਪੇਟਾਈਟਸ ਏ ਅਤੇ ਈ, ਦਸਤ, ਹੈਜਾ, ਲੈਪਟੋ ਸੁਪਰੋਸਿਸ, ਸਕ੍ਰਬ ਟਾਈਫਸ ਜਿਹੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਉਬਲਿਆ ਹੋਇਆ ਪਾਣੀ ਜਾਂ ਕਲੋਰੀਨੇਟ ਕੀਤਾ ਪਾਣੀ ਹੀ ਪੀਓ, ਕੱਟੀਆਂ ਸਬਜ਼ੀਆਂ ਜਾਂ ਫ਼ਲਾਂ ਦੀ ਵਰਤੋਂ ਨਾ ਕਰੋ। ਖਾਣ ਵਾਲੀਆਂ ਵਸਤਾਂ ਢੱਕ ਕੇ ਰੱਖੋ। ਅਣ ਪੱਕਿਆ ਭੋਜਨ ਨਾ ਖਾਓ। ਹੜ੍ਹਾਂ ਦੇ ਪਾਣੀ ਤੋਂ ਖਾਣ ਵਾਲੀਆਂ ਵਸਤਾਂ ਬਚਾ ਕੇ ਰੱਖੋ। ਆਲੇ ਦੁਆਲੇ ਅਤੇ ਨਿੱਜੀ ਸਫ਼ਾਈ ਦਾ ਧਿਆਨ ਰੱਖੋ। ਘਰ ਵਿੱਚ ਬਣਿਆ ਖਾਣਾ ਹੀ ਖਾਓ।

Leave a Reply

Your email address will not be published. Required fields are marked *