ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ, ਉੱਥੇ ਹੀ ਅਨੁਸੂਚਿਤ ਜਾਤੀਆਂ ਦੀ ਤਰੱਕੀ ਅਤੇ ਸੁਵਿਧਾਵਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਤਰਜ਼ੀਹ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਕੀਤਾ।
ਡਾ. ਬਲਜੀਤ ਕੌਰ ਨੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ (PSCLDFC) ਦੇ ਡਾਇਰੈਕਟਰ ਸ੍ਰੀ ਰਵਿੰਦਰ ਹੰਸ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕਰਦਿਆਂ ਹੁਕਮ ਦਿੱਤੇ ਕਿ ਨਿਗਮ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਹਰੇਕ ਯੋਗ ਲੋੜਵੰਦ ਵਿਅਕਤੀ ਤੱਕ ਪਹੁੰਚਾਇਆ ਜਾਵੇ।

ਡਾਇਰੈਕਟਰ ਰਵਿੰਦਰ ਹੰਸ ਨੇ ਮੀਟਿੰਗ ਦੌਰਾਨ ਨਿਗਮ ਦੀਆਂ ਵੱਖ-ਵੱਖ ਸਕੀਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਲਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸੁਝਾਅ ਦਿੱਤਾ ਗਿਆ ਕਿ ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਸਕੀਮਾਂ ਦੀ ਜਾਣਕਾਰੀ ਤੇ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚ ਸੁਨਿਸ਼ਚਿਤ ਕੀਤੀ ਜਾਵੇ।
ਇਸ ਦੌਰਾਨ ਨਿਗਮ ਵਿੱਚ ਕਰਮਚਾਰੀਆਂ ਦੀ ਘਾਟ, ਅਧਿਕਾਰੀਆਂ ਨੂੰ ਆ ਰਹੀਆਂ ਦਫ਼ਤਰੀ ਮੁਸ਼ਕਲਾਂ ਅਤੇ ਕੁਝ ਅਣਸੁਲਝੇ ਮਾਮਲਿਆਂ ਦੀ ਵੀ ਜਾਣਕਾਰੀ ਡਾ. ਬਲਜੀਤ ਕੌਰ ਨੂੰ ਦਿੱਤੀ ਗਈ।
ਮੰਤਰੀ ਡਾ. ਬਲਜੀਤ ਕੌਰ ਨੇ ਸਾਰੇ ਮੁੱਦੇ ਧਿਆਨ ਨਾਲ ਸੁਣਨ ਤੋਂ ਬਾਅਦ ਕੁੱਝ ਅਹਿਮ ਮਸਲਿਆਂ ‘ਤੇ ਮੌਕੇ ‘ਤੇ ਹੀ ਤੁਰੰਤ ਹੁਕਮ ਜਾਰੀ ਕੀਤੇ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਬਾਕੀ ਰਹਿ ਗਏ ਮਸਲੇ ਵੀ ਜਲਦ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਸ.ਸੀ ਭਲਾਈ ਸਕੀਮਾਂ ਦੀ ਲਾਭਪਾਤਰੀਆਂ ਤੱਕ ਪਹੁੰਚ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ੀ ਅਤੇ ਸੁਚੱਜਾਪਣ ਦਿੱਤਾ ਜਾਵੇਗਾ।