ਫ਼ੁੱਲਾਂ ਦੀ ਕਾਸ਼ਤ ਵਿੱਤੀ ਮਜ਼ਬੂਤੀ ਦਾ ਵਧੀਆ ਸਾਧਨ: ਜਗਦੀਪ ਸਿੰਘ

ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਫੁੱਲਾਂ ਦੀ ਕਾਸ਼ਤ ਕਰਨ ਦਾ ਸੱਦਾ

ਫ਼ਤਹਿਗੜ੍ਹ ਸਾਹਿਬ, 17 ਜੁਲਾਈ:

ਕਿਸਾਨਾਂ ਨੂੰ ਫੁੱਲਾਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸੈਲਿੰਦਰ ਕੌਰ (ਆਈ.ਐਫ.ਐਸ) ਦੀ ਯੋਗ ਅਗਵਾਈ ਹੇਠ ਬਾਗਬਾਨੀ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਡਾਇਰੈਕਟਰ ਜਗਦੀਪ ਸਿੰਘ ਨੇ ਕਿਹਾ ਕਿ ਕਣਕ ਤੇ ਝੋਨੇ ਦੀਆਂ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਫੁੱਲਾਂ ਦੀ ਕਾਸ਼ਤ ਵੱਲ ਕਦਮ ਵਧਾਇਆ ਜਾ ਸਕਦਾ ਹੈ।ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਦੇ ਫੁੱਲ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਨਾ ਕੇਵਲ ਵਾਤਾਵਰਣ ਪੱਖੋਂ ਲਾਹੇਵੰਦ ਹੈ ਬਲਕਿ ਇਹ ਚੰਗੀ ਆਮਦਨ ਦਾ ਸਰੋਤ ਵੀ ਹੈ।

ਸਹਾਇਕ ਡਾਇਰੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਫੁੱਲਾਂ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ ਅਤੇ ਅਨੇਕਾਂ ਅਜਿਹੀ ਕਿਸਮ ਦੇ ਫੁੱਲ ਹਨ ਜਿਨ੍ਹਾਂ ਨੂੰ ਪਾਣੀ ਦੀ ਲੋੜ ਕਾਫ਼ੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਛੋਟੇ ਖੇਤਰ ਵਿੱਚ ਫੁੱਲਾਂ ਦੀ ਖੇਤੀ ਕਰਕੇ ਵਧੇਰੇ ਮੁਨਾਫ਼ੇ ਨੂੰ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਸਿਖਲਾਈ ਲੈਣ ਲਈ ਕਿਸਾਨਾਂ ਤੇ ਹੋਰ ਲੋਕਾਂ ਨੂੰ ਬਾਗਬਾਨੀ ਵਿਭਾਗ ਨਾਲ ਜੁੜਨਾ ਚਾਹੀਦਾ ਹੈ। ਫੁੱਲ ਕਲਸਟਰ ਅਤੇ ਸੋਧੀਆਂ ਕੌਮੀ ਬਾਗਬਾਨੀ ਮਿਸ਼ਨ ਸਕੀਮਾਂ ਤਹਿਤ ਆਯੋਜਿਤ ਕੈਂਪ ਦੌਰਾਨ ਕਿਸਾਨਾਂ ਨੂੰ ਗੁਲਾਬ, ਗੇਂਦਾ, ਗਲੈਡੀਓਲਸ, ਲਿਲੀ ਸਮੇਤ ਹੋਰ ਫੁੱਲਾਂ ਤੇ ਸਜਾਵਟੀ ਪੌਦਿਆਂ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਗਿਆ।

ਇਸ ਦੌਰਾਨ ਰਵਦੀਪ ਕੌਰ ਕੰਸਲਟੈਂਟ ਐਗਰੀਕਲਚਰ ਇੰਨਫਰਾਸਟਰਕਚਰ ਸਕੀਮ ਅਤੇ ਸੋਹਨ ਸਿੰਗਾਰ (ਜੀਕਾ) ਵੱਲੋਂ ਏ.ਆਈ.ਐਫ ਸਕੀਮ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਫੁੱਲਾਂ ਦੀ ਕਾਸਤ ਕਰਨ ਵਾਲੇ ਕਿਸਾਨਾਂ ਦੇ ਕਲੱਸਟਰ ਬਣਾਉਣ ਬਾਰੇ ਸੁਝਾਅ ਦਿੱਤੇ ਗਏ ਜਿਸ ਤਹਿਤ ਕਿਸਾਨ ਆਪਣੇ ਸਮੂਹ ਬਣਾ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ ਤੇ ਮੰਡੀਕਰਨ ਵੱਡੇ ਪੱਧਰ ‘ਤੇ ਕਰ ਸਕਦੇ ਹਨ। ਇਸ ਬਾਗਬਾਨੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਵਿੱਚ ਫੁੱਲਾਂ ਦੀ ਪੈਦਾਵਾਰ ਅਤੇ ਮੰਡੀਕਰਨ ‘ਤੇ ਵਿਚਾਰ ਚਰਚਾ ਕੀਤੀ ਗਈ।

ਇਸ ਦੌਰਾਨ ਬਾਗਬਾਨੀ ਵਿਕਾਸ ਅਫ਼ਸਰ ਰਮਨਦੀਪ ਕੌਰ ਅਤੇ ਅਮਰਿੰਦਰ ਸਿੰਘ ਨੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਹਾਜਰੀਨ ਨੂੰ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭੂਮੀ ਰੱਖਿਆ ਵਿਭਾਗ, ਖੇਤੀਬਾੜੀ ਤੇ ਕੇ.ਵੀ.ਕੇ ਦੇ ਨੁਮਾਇੰਦਿਆਂ ਨੇ ਵੀ ਵਿਭਾਗੀ ਯੋਜਨਾਵਾਂ ਬਾਰੇ ਸਾਂਝ ਪਾਈ।

Leave a Reply

Your email address will not be published. Required fields are marked *