
- ਸਪਾਂਸਰਸ਼ਿਪ ਸਕੀਮ ਦਾ ਲਾਭ ਦੇਣ ਵਿੱਚ ਫ਼ਤਹਿਗੜ੍ਹ ਸਾਹਿਬ, ਪੰਜਾਬ ਵਿੱਚੋ ਦੂਜੇ ਸਥਾਨ ‘ ਤੇ
- ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ 89 ਨਵੇਂ ਕੇਸਾਂ ਨੂੰ ਮਿਲੀ ਪ੍ਰਵਾਨਗੀ, ਕੁਲ ਲਾਭ ਪਾਤਰੀਆਂ ਦੀ ਗਿਣਤੀ 585 ਹੋਈ
ਫ਼ਤਹਿਗੜ੍ਹ ਸਾਹਿਬ, 21 ਮਈ: ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਅਗਵਾਈ ਹੇਠ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਨੇ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਵਿੱਚੋ ਯੋਗ ਪਾਏ ਗਏ 89 ਕੇਸਾਂ ਵਿੱਚ ਮਾਸਿਕ 4 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਪ੍ਰਵਾਨ ਹੋਏ ਇਨ੍ਹਾਂ ਨਵੇਂ ਕੇਸਾਂ ਨਾਲ ਜ਼ਿਲ੍ਹੇ ਵਿੱਚ ਇਹ ਲਾਭ ਪ੍ਰਾਪਤ ਕਰਨ ਵਾਲਿਆਂ ਦੀ ਕੁਲ ਗਿਣਤੀ 585 ਹੋ ਗਈ ਹੈ ਅਤੇ ਪੂਰੇ ਸੂਬੇ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਸ ਪੱਖੋਂ ਦੂਜੇ ਸਥਾਨ ਉੱਤੇ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ 18 ਸਾਲ ਤੱਕ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਮਿਲਦਾ ਹੈ ਜਿਨ੍ਹਾ ਦੀ ਮਾਤਾ ਵਿਧਵਾ ਜਾਂ ਤਲਾਕਸ਼ੁਦਾ ਹੋਵੇ, ਜਿਨ੍ਹਾਂ ਦੇ ਮਾਤਾ-ਪਿਤਾ ਜਾਨਲੇਵਾ ਜਾਂ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੋਣ ਜਾਂ ਮਾਤਾ-ਪਿਤਾ ਸਰੀਰਕ ਤੌਰ ‘ਤੇ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮੱਰਥ ਹੋਣ ਜਾਂ ਫਿਰ ਮਾਤਾ-ਪਿਤਾ ਜੇਲ੍ਹ ਵਿੱਚ ਹੋਣ ਜਾਂ ਜੇ.ਜੇ.ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇ ਕਿ ਬੇਘਰ, ਕੁਦਰਤੀ ਆਫਤ ਦਾ ਸ਼ਿਕਾਰ, ਬਾਲ ਮਜਦੂਰੀ, ਭਿੱਖਿਆ, ਬਾਲ ਵਿਆਹ ਦਾ ਸ਼ਿਕਾਰ ਜਾਂ ਉਹ ਬੱਚੇ, ਜੋ ਸੜਕ ‘ਤੇ ਰਹਿ ਰਹੇ ਹੋਣ। ਉਹਨਾਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਸੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚੇ, ਐਚ.ਆਈ.ਵੀ ਏਡਜ਼ ਨਾਲ ਪ੍ਰਭਾਵਿਤ ਬੱਚੇ, ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਸਪਾਂਸਰਸ਼ਿਪ ਸਕੀਮ ਦੀ ਗਾਈਡਲਾਈਨਜ਼ ਅਨੁਸਾਰ ਪਰਿਵਾਰ ਦੀ ਸਾਲਾਨਾ ਆਮਦਨ ਪੇਂਡੁ ਖੇਤਰ ਵਿੱਚ 72000 ਰੁਪਏ ਤੋ ਘੱਟ ਅਤੇ ਸ਼ਹਿਰੀ ਖੇਤਰ ਵਿੱਚ 96000 ਰੁਪਏ ਤੋਂ ਘੱਟ ਹੋਣੀ ਚਾਹਿਦੀ ਹੈ।
ਇਸ ਮੌਕੇ ਚੇਅਰਮੈਨ ਬਾਲ ਭਲਾਈ ਕਮੇਟੀ ਅਨਿਲ ਗੁਪਤਾ, ਸੁਰੱਖਿਆ ਅਫਸਰ ਨੇਹਾ ਸਿੰਗਲਾ, ਸਮਾਜ ਸੇਵਿਕਾ ਰਜਨੀ ਬਾਲਾ ਵੀ ਮੌਜੂਦ ਸਨ।