ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਅਬੋਹਰ ਵਿੱਚ ਵੱਡੀ ਕਾਰਵਾਈ — CASO ਦੌਰਾਨ ਡਰੱਗ ਹੌਟਸਪੌਟ ਏਰੀਆ ‘ਚ ਛਾਪੇਮਾਰੀ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ ਜੰਗ ਦੇ ਅਧੀਨ, ਫਾਜ਼ਿਲਕਾ ਪੁਲਿਸ ਨੇ ਅੱਜ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਸ੍ਰੀ ਗੌਰਵ ਯਾਦਵ, ਆਈ.ਪੀ.ਐਸ., ਡੀ.ਜੀ.ਪੀ. ਪੰਜਾਬ ਜੀ ਦੇ ਸਪਸ਼ਟ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਬਲਜੋਤ ਸਿੰਘ ਰਾਠੌਰ, ਆਈ.ਜੀ., ਜੀ.ਆਰ.ਪੀ. ਪੰਜਾਬ ਅਤੇ ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ., ਐਸ.ਐਸ.ਪੀ. ਫਾਜ਼ਿਲਕਾ ਦੀ ਅਗਵਾਈ ਹੇਠ ਸਬ ਡਵੀਜ਼ਨ ਅਬੋਹਰ ਵਿੱਚ ਵੱਡੇ ਪੱਧਰ ‘ਤੇ ਕੋਰਡਨ ਐਂਡ ਸਰਚ ਓਪਰੇਸ਼ਨ (CASO) ਚਲਾਇਆ ਗਿਆ।

ਸੁਤੰਤਰਤਾ ਦਿਵਸ 2025 ਦੀਆਂ ਸੁਰੱਖਿਆ ਤਿਆਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਵਿਸ਼ੇਸ਼ ਓਪਰੇਸ਼ਨ ਅਧੀਨ ਅਬੋਹਰ ਦੇ ਡਰੱਗ ਹੌਟਸਪੌਟ ਖੇਤਰਾਂ ਵਿੱਚ ਟਾਰਗੇਟ ਛਾਪੇਮਾਰੀ ਕੀਤੀ ਗਈ। ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ਅਤੇ ਠਿਕਾਣਿਆਂ ਦੀ ਗਹਿਰੀ ਤਲਾਸ਼ੀ ਲੈ ਕੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਡੀ.ਐਸ.ਪੀ. ਸਬ ਡਵੀਜ਼ਨ ਅਬੋਹਰ ਸ਼ਹਿਰੀ ਅਤੇ ਦਿਹਾਤੀ, ਮੁੱਖ ਅਫਸਰ ਥਾਣਾ ਸਿਟੀ-1 ਅਤੇ ਸਿਟੀ-2 ਅਬੋਹਰ, ਇੰਚਾਰਜ CIA-2 ਫਾਜ਼ਿਲਕਾ ਸਮੇਤ 200 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਾਮਲ ਰਹੇ।

 ਆਈ.ਜੀ ਸ੍ਰੀ ਬਲਜੋਤ ਸਿੰਘ ਰਾਠੌਰ ਨੇ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” 1 ਮਾਰਚ 2025 ਤੋਂ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਨਸ਼ਾ ਤਸਕਰੀ ਦੇ ਕਈ ਵੱਡੇ ਨੈੱਟਵਰਕ ਤਬਾਹ ਕੀਤੇ ਗਏ ਹਨ। ਫਾਜ਼ਿਲਕਾ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਹੁਣ ਤੱਕ 516 ਮੁਕਦਮੇ ਦਰਜ ਕੀਤੇ ਜਾ ਚੁੱਕੇ ਹਨ ਅਤੇ 1716 ਮੁਲਜ਼ਮ ਹੁਣ ਤੱਕ ਪਕੜੇ ਜਾ ਚੁੱਕੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸੰਘਰਸ਼ ਹੁਣ ਰੁਕਣ ਵਾਲਾ ਨਹੀਂ — ਹਰ ਨਸ਼ਾ ਤਸਕਰ ਪੁਲਿਸ ਦੀ ਰਡਾਰ ‘ਤੇ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਇਸ ਦੌਰਾਨ ਸ੍ਰੀ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਨਸ਼ੇ ਦੀ ਲਤ ਛੱਡਣਾ ਚਾਹੁੰਦੇ ਹਨ ਕਿ ਉਹ ਪੁਲਿਸ ਜਾਂ ਪ੍ਰੋਜੈਕਟ ਆਸ ਨਾਲ ਸੰਪਰਕ ਕਰਨ; ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਲਈ ਪੂਰਾ ਸਹਿਯੋਗ ਅਤੇ ਮਦਦ ਪ੍ਰਦਾਨ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਕਿਹਾ ਕਿ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *