ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪਿਛਲੇ ਹਿੱਸਿਆ ਪਹਾੜਾਂ ਵਿੱਚ ਭਾਰੀ ਬਰਸਾਤਾਂ ਹੋਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤੇ ਇਹ ਪਾਣੀ ਫਾਜ਼ਿਲਕਾ ਦੇ ਕਾਵਾਂਵਾਲੀ ਪੁੱਲ ਪਾਰ ਦੇ ਪਿੰਡਾਂ ਦੇ ਖੇਤਾਂ ਵਿੱਚ ਫਸਲਾਂ ਦਾ ਉਜਾੜਾ ਕਰਦਾ ਹੈ। ਇਨ੍ਹਾਂ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਉਹ ਅੱਜ ਪਿੰਡ ਕਾਵਾਂਵਾਲੀ ਪੁੱਲ ਪਾਰ ਪਿੰਡ ਰੇਤੇ ਵਾਲੀ ਭੈਣੀ, ਰਾਮ ਸਿੰਘ ਭੈਣੀ, ਗੁਲਾਬਾ ਭੈਣੀ, ਝੰਗੜ ਭੈਣੀ, ਤੇਜਾ ਰੁਹੇਲਾ, ਮਹਾਤਮ ਨਗਰ, ਦੋਨਾ ਨਾਨਕਾ ਸਮੇਤ ਹੋਰ ਪਿੰਡਾਂ ਵਿੱਚ ਪਹੁੰਦੇ ਹਨ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਕਾਵਾਂਵਾਲੀ ਪੁੱਲ ਵਿੱਚ ਪਾਣੀ ਦਾ ਵਹਾਅ ਵਧਣ ਕਾਫ਼ੀ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਦੇਰ ਸ਼ਾਮ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਵਾਂਵਾਲੀ ਪੁੱਲ ਵਿੱਚ ਕਲਾਲੀ ਫਸਣ ਕਾਰਨ ਪਾਣੀ ਹੋਰ ਜ਼ਿਆਦਾ ਪਿੰਡਾਂ ਦਾ ਨੁਕਸਾਨ ਕਰ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਸਬੰਧਿਤ ਵਿਭਾਗ ਨਾਲ ਗੱਲ ਕਰਕੇ ਜੇਸੀਬੀ ਭੇਜ ਕੇ ਕਲਾਲੀ ਕਢਵਾਈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਹ ਲਗਾਤਾਰ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਅੱਜ ਵੀ ਉਹ ਮੌਜੂਦਾ ਹਾਲਾਤਾਂ ਦਾ ਜਾਇਜ਼਼ਾ ਲੈਣ ਆਏ ਹਨ।

ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗਾਂ ਨਾਲ ਗੱਲ ਕਰਕੇ ਉਨ੍ਹਾਂ ਹੋਰ ਜੇ.ਸੀ.ਬੀ ਮਸ਼ੀਨਾਂ ਤੇ ਮੋਘੇ ਮੰਗਵਾ ਲਏ ਹਨ ਤਾਂ ਜੋ ਲੋੜ ਪੈਣ ਤੇ ਮੋਘੇ ਪੈ ਕੇ ਪਿੰਡਾਂ ਦਾ ਪਾਣੀ ਅਗਾਂਹ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਉਹ ਲੋਕਾਂ ਦੇ ਨਾਲ ਹਨ ਤੇ ਹੋਰ ਲੋੜ ਪੂਰੀ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਟੀਮਾਂ ਲਗਾ ਦਿੱਤੀਆਂ ਗਈ ਜੋ ਪਿੰਡਾਂ ਦਾ ਨਿਰੀਖਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਤੇ ਹੋਰ ਵੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤੇ ਹਰ ਕਿਸਾਨ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।