ਫਾਜ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਹਲਕੇ ਦੇ ਹੜ ਪ੍ਰਭਾਵਿਤ ਪਿੰਡ ਗੱਟੀ ਨੰਬਰ 1 ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਜਿੱਥੇ ਲੋਕਾਂ ਦਾ ਹਾਲ ਜਾਣਿਆ ਉਥੇ ਹੀ ਲੋਕਾਂ ਨੂੰ ਪਸ਼ੂਆਂ ਲਈ ਫੀਡ ਅਤੇ ਰਾਸ਼ਨ ਵੀ ਵੰਡਿਆ! ਇਸ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਠਹਿਰਨ ਲਈ ਬਣੇ ਰਾਹਤ ਕੇਂਦਰ ਮੌਜਮ ਤੇ ਸਲੇਮਸ਼ਾਹ ਪਹੁੰਚ ਕੇ ਵੀ ਲੋਕਾਂ ਦਾ ਹਾਲ ਜਾਣਿਆ ਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ!
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਉਹ ਲਗਾਤਾਰ ਹਲਕੇ ਦੇ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਿੱਚ ਵਿਚਰ ਕੇ ਉਹਨਾਂ ਦਾ ਹਾਲ ਜਾਣ ਰਹੇ ਹਨ ਤੇ ਉਹਨਾਂ ਨੂੰ ਲੋੜੀਦੀ ਰਾਹਤ ਸਮਗਰੀ ਵੀ ਪਹੁੰਚਾ ਰਹੇ ਹਨ। ਉਹਨਾਂ ਗੱਟੀ ਨੰ. 1 ਵਿਖੇ ਪਹੁੰਚਣ ਤੋਂ ਬਾਅਦ ਪਿੰਡ ਵਾਸੀਆਂ ਸਮੇਤ ਹੋਰਨਾਂ ਵੀ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਿੱਚ ਘਿਰੇ ਹੋਏ ਆਪਣੇ ਘਰਾਂ ਨੂੰ ਛੱਡ ਕੇ ਲੋਕਾਂ ਦੇ ਠਹਿਰਣ ਲਈ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਵਿੱਚ ਪਹੁੰਚਣ ਜਿੱਥੇ ਉਹਨਾਂ ਨੂੰ ਖਾਣ ਪੀਣ ਤੇ ਪਸ਼ੂਆਂ ਲਈ ਚਾਰੇ ਆਦਿ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਜਾਂਦੀ ਹੈ!

ਉਹਨਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਕਰਕੇ ਹੁਣ ਪਾਣੀ ਦਾ ਪੱਧਰ ਅੱਗੇ ਨਾਲੋਂ ਵਧਿਆ ਹੈ ਤੇ ਹੋਰ ਵੀ ਵੱਧ ਸਕਦਾ ਹੈ। ਇਸ ਲਈ ਹਲਕੇ ਦੇ ਹੜ ਪ੍ਰਭਾਵਿਤ ਪਿੰਡ ਆਪਣੇ ਹੜਾਂ ਦੀ ਮਾਰ ਹੇਠ ਆਏ ਘਰਾਂ ਨੂੰ ਛੱਡ ਕੇ ਰਾਹਤ ਕੈਂਪਾਂ ਵਿੱਚ ਪਹੁੰਚਣ! ਉਹਨਾਂ ਕਿਹਾ ਕਿ ਐਨਡੀਆਰਐਫ ਦੀ ਟੀਮ ਨਾਲ ਲੋਕਾਂ ਨੂੰ ਬਾਹਰ ਕੱਢਣ ਲਈ ਮੋਟਰ ਬੋਟ ਲਗਾਈਆਂ ਗਈਆਂ ਹਨ ਜਿਸ ਕਿਸੇ ਨੇ ਵੀ
ਰਾਹਤ ਕੈਂਪ ਵਿੱਚ ਆਉਣਾ ਹੈ ਉਹ ਉਹਨਾਂ ਨੂੰ ਦੱਸ ਸਕਦੇ ਹਨ, ਉਹਨਾਂ ਨੂੰ ਇਹਨਾਂ ਮੋਟਰ ਵੋਟਾਂ ਰਾਹੀਂ ਪਿੰਡਾਂ ਵਿੱਚੋਂ ਕੱਢ ਕੇ ਰਾਹਤ ਕੈਂਪਾਂ ਵਿੱਚ ਲਿਆਂਦਾ ਜਾਵੇਗਾ।
