
ਸਹਿਯੋਗ-ਡਿਪਟੀ ਕਮਿਸ਼ਨਰ
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਹਰੇਕ ਨਾਗਰਿਕ ਨੂੰ ਉਸਾਰੂ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਦੀ ਲਾਹਣਤ ਦਾ ਜੜ੍ਹੋਂ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਕੀਤਾ। ਉਨ੍ਹਾਂ ਦੱਸਿਆ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਬਾਹਰ ਕੱਢਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜੇਕਰ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
ਡਾ: ਸੋਨਾ ਥਿੰਦ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਸਰਕਾਰੀ ਹਾਈ ਸਮਾਰਟ ਸਕੂਲ ਰਾਜਿੰਦਰਗੜ੍ਹ ਵਿਖੇ ਵਿਦਿਆਰਥੀਆਂ ਦੀ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਅਤੇ ਅਧਿਆਪਕਾਂ ਨੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ l ਇਸੇ ਤਰ੍ਹਾਂ ਸੈਕੰਡਰੀ ਸਕੂਲ ਬੱਸੀਪਠਾਣਾ ਵਿੱਚ ਨਸ਼ਾ ਵਿਰੋਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਸਰਕਾਰੀ ਹਾਈ ਸਕੂਲ ਬਡਲਾ ਵਿਖੇ ਵਿਦਿਆਰਥੀਆਂ ਦੀ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਬਡਵਾਲਾ ਦੇ ਵਿਦਿਆਰਥੀਆਂ ਤੋਂ ਵਿਖੇ ਪੋਸ਼ਟਰ ਮੇਕਿੰਗ/ਭਾਸ਼ਣ ਅਤੇ ਚਾਰਟ ਮੇਕਿੰਗ ਕਰਵਾਈ ਗਈ।ਇਸ ਉਪਰੰਤ ਨਸ਼ਿਆਂ ਦੇ ਵਿਰੁੱਧ ਪਿੰਡ ਵਿੱਚ ਰੈਲੀ ਕੱਢੀ ਗਈ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਸਰਕਾਰੀ ਹਾਈ ਸਕੂਲ ਬਧੌਛੀ ਕਲਾਂ, ਸਰਕਾਰੀ ਮਿਡਲ ਸਮਾਰਟ ਸਕੂਲ ਭੱਟਮਾਜਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗ ਸਿਕੰਦਰ ਵਿਖੇ ਨਸ਼ਿਆਂ ਵਿਰੁੱਧ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਹਾਰ ਮਾਜਰਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਸਤਫਾਬਾਦ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ।
