ਸਰਕਾਰ ਦੀ ਮਾਲਕੀ ਵਾਲੇ  ਬ੍ਰਾਂਡ ‘ਪੰਜਾਬ ਮਾਰਟ’ ਦੇ ਖਾਧ ਪਦਾਰਥਾਂ ਨੂੰ ਵਿਸ਼ਵ ਪੱਧਰ ‘ਤੇ ਉਤਸ਼ਾਹਿਤ ਕਰਨ ‘ਤੇ ਦਿੱਤਾ ਜ਼ੋਰ

ਪੰਜਾਬ ਦੇ ਭੋਜਨ ਨੂੰ ਵਿਸ਼ਵ ਪੱਧਰ ‘ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਖੁਰਾਕ ਕਮਿਸ਼ਨ  ਨੇ ਸਰਕਾਰੀ ਮਾਲਕੀ ਵਾਲੇ ਬ੍ਰਾਂਡ ‘ਪੰਜਾਬ ਮਾਰਟ’ ਦੇ ਵਿਕਾਸ ਦੀ ਜ਼ੋਰਦਾਰ ਵਕਾਲਤ ਕੀਤੀ ਹੈ I ਇਸ ਸਬੰਧੀ ਪ੍ਰਸਤਾਵ ਪੰਜਾਬ ਸਰਕਾਰ ਨੂੰ ਸੌਂਪਿਆ ਜਾ ਚੁੱਕਿਆ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਕਮਿਸ਼ਨ ਦੀਆਂ ਪਹਿਲਕਦਮੀਆਂ ਬਾਰੇ ਜਾਣੂੰ ਕਰਵਾਉਂਦੇ ਹੋਏ, ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਦੇ ਭੋਜਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਤਸ਼ਾਹਿਤ ਕਰਨ ਵਿੱਚ ਬਹੁਤ ਮਦਦ ਕਰੇਗੀ।

ਸਹਿਕਾਰੀ ਖੇਤਰ ਦੀ ਮਜ਼ਬੂਤੀ ਰਾਹੀਂ ਰਾਜ ਵਿੱਚ ਪੇਂਡੂ ਰੁਜ਼ਗਾਰ ਦੇ ਵੱਧ ਤੋੰ ਵੱਧ ਮੌਕੇ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਵੀ ਸ੍ਰੀ ਕਟਾਰੂਚੱਕ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਪੇਂਡੂ ਵਿਕਾਸ, ਸਹਿਕਾਰਤਾ, ਰੁਜ਼ਗਾਰ ਉਤਪੱਤੀ ਵਿਭਾਗਾਂ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਤਾਲਮੇਲ ਅਹਿਮ ਹੋਵੇਗਾ।

ਮੰਤਰੀ ਨੇ ਇਸ ਸਬੰਧ ਵਿੱਚ ਕਮਿਸ਼ਨ ਨੂੰ ਹੋਰਨਾਂ ਸੂਬਿਆਂ ਵੱਲੋਂ ਅਪਣਾਏ ਗਏ ਵਧੀਆ ਤੇ ਕਾਰਗਰ ਅਭਿਆਸਾਂ ਤੋਂ ਸਿੱਖਣ ਲਈ ਕਿਹਾ।

ਮੰਤਰੀ ਦੇ ਸਾਹਮਣੇ ਇਹ ਤੱਥ ਵੀ ਉਜਾਗਰ ਕੀਤਾ ਗਿਆ ਕਿ ਰਾਜ ਦੀ ਪੋਸ਼ਣ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਸਕੂਲਾਂ ਵਿੱਚ ਫਲਾਂ ਦੇ ਪੌਦਿਆਂ, ਸਬਜ਼ੀਆਂ ਅਤੇ ਜੜੀ-ਬੂਟੀਆਂ ਦੇ ਪੌਦਿਆਂ ‘ਤੇ ਆਧਾਰਿਤ ਪੋਸ਼ਣ ਬਾਗ ਵਿਕਸਿਤ ਕੀਤੇ ਗਏ ਹਨ।

ਮੰਤਰੀ ਨੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਭੋਜਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਿਡ ਡੇ ਮੀਲ ਯੋਜਨਾ ਦੀ ਵੀ ਸਮੀਖਿਆ ਕੀਤੀ। ਮੰਤਰੀ ਵੱਲੋਂ ਆਂਗਣਵਾੜੀ ਕੇਂਦਰਾਂ ਦੀ ਸਮੀਖਿਆ ਲਈ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐਸ), ਜੋ 6 ਸਾਲ ਦੀ ਉਮਰ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਵਿਕਾਸ ਲਈ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰਦੀ ਹੈ, ਦਾ ਵੀ ਜਾਇਜ਼ਾ ਲਿਆ ਗਿਆ। ਪੋਸ਼ਣ ਅਭਿਆਨ ਤਹਿਤ ਪੋਸ਼ਣ ਵਾਟੀਕਾ ਪਹਿਲਕਦਮੀ ਦੀ ਵੀ ਸਮੀਖਿਆ ਕੀਤੀ ਗਈI ਜ਼ਿਕਰਯੋਗ ਹੈ ਕਿ ਪੋਸ਼ਣ ਵਾਟੀਕਾ   –  ਆਂਗਣਵਾੜੀ ਕੇਂਦਰ ਦੇ ਨੇੜੇ ਬਣੇ ਛੋਟੇ ਜਿਹੇ ਬਾਗ ਹਨ , ਜਿੱਥੇ ਫਲ, ਸਬਜ਼ੀਆਂ ਅਤੇ ਲਾਭਕਾਰੀ ਪੌਦੇ ਉਗਾਏ ਜਾਂਦੇ ਹਨ।

ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 21 ਦੀ ਪ੍ਰਮਾਣਿਕਤਾ ਲਈ ਜ਼ਰੂਰੀ ਭੋਜਨ ਦੇ ਅਧਿਕਾਰ ਦੇ ਹਿੱਸੇ ਵਜੋਂ, ਖਾਸ ਕਰਕੇ ਸੋਕੇ ਦੀਆਂ ਸਥਿਤੀਆਂ ਵਿੱਚ ਲੋਕਾਂ ਨੂੰ ਗੁਣਵੱਤਾ ਵਾਲੇ ਭੋਜਨ ਯਕੀਨੀ ਬਣਾਉਣ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਆਰਟੀਕਲ 21 ਸਨਮਾਨ ਨਾਲ ਜੀਵਨ ਜਿਊਣ ਦੇ ਮੌਲਿਕ ਅਧਿਕਾਰ ਦੀ ਗਰੰਟੀ ਦਿੰਦਾ ਹੈ।

ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਕਮਿਸ਼ਨ ਦੀਆਂ ਗਤੀਵਿਧੀਆਂ ਦੀ ਕੇਂਦਰੀਕ੍ਰਿਤ ਨਿਗਰਾਨੀ ਲਈ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਇੱਕ ਵਾਰ ਰੂਮ ਬਣਾਉਣ ‘ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ‘ਤੇ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਮੈਂਬਰ ਸਕੱਤਰ ਕਨੂੰ ਥਿੰਦ ਅਤੇ ਮੇਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ ਤੇ ਚੇਤਨ ਪ੍ਰਕਾਸ਼ ਧਾਲੀਵਾਲ ਮੌਜੂਦ ਸਨ।

Leave a Reply

Your email address will not be published. Required fields are marked *