ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕੀਤੀ ਜਾਣ ਵਾਲੀ ਅਣਗਹਿਲੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ

ਐਨ.ਓ.ਸੀ/ ਐਨ.ਡੀ.ਸੀ. ਨਾ ਮਿਲਣ ‘ਤੇ ਹਲਫਨਾਮੇ ਦੇ ਨਾਲ ਦਾਖ਼ਲ ਕੀਤੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ
ਆਰ.ਓ. ਵੱਲੋਂ ਰਿਪੋਰਟ ਦੇਣ ਲਈ ਸਬੰਧਤ ਅਥਾਰਟੀ ਨੂੰ ਭੇਜੇ ਜਾਣਗੇ ਨਾਮਜ਼ਦਗੀ ਕਾਗਜ਼
ਸਬੰਧਤ ਅਥਾਰਟੀ 24 ਘੰਟਿਆਂ ਦੇ ਵਿੱਚ-ਵਿੱਚ ਦੇਵੇਗੀ ਰਿਪੋਰਟ
ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਸਬੰਧੀ ਚੋਣ ਪ੍ਰਕਿਰਿਆ ਪੂਰਨ ਪਾਰਦਰਸ਼ੀ ਢੰਗ ਨਾਲ ਜਾਰੀ ਹੈ ਤੇ ਇਹ ਚੋਣ ਅਮਲ ਪੂਰਨ ਪਾਰਦਰਸ਼ੀ ਢੰਗ ਨਾਲ ਹੀ ਨੇਪਰੇ ਚਾੜ੍ਹਿਆ ਜਾਵੇਗਾ। ਇਹਨਾਂ ਚੋਣਾਂ ਸਬੰਧੀ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕੀਤੀ ਜਾਣ ਵਾਲੀ ਅਣਗਹਿਲੀ ਬਰਦਾਸ਼ਤ
ਨਹੀਂ ਕੀਤੀ ਜਾਵੇਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਚਾਇਤੀ ਚੋਣਾਂ ਬਾਬਤ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਪ੍ਰਕਿਰਿਆ ਸੁਚੱਜੇ ਢੰਗ ਨਾਲ ਜਾਰੀ ਹੈ ਤੇ ਕਿਸੇ ਕਿਸਮ ਦੀ ਅਣਗਹਿਲੀ ਜਾਂ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਰਾਜ ਚੋਣ ਕਮਿਸ਼ਨ, ਪੰਜਾਬ, ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜੇਕਰ ਕਿਸੇ ਉਮੀਦਵਾਰ ਨੂੰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਾਮਜ਼ਦਗੀ ਪੱਤਰ ਦੇ ਨਾਲ ਲਾਉਣ ਲਈ ਕਿਸੇ ਵੀ ਕਿਸਮ ਦੇ ਟੈਕਸ ਦੇ ਏਰੀਅਰ ਦੇ ਬਕਾਏ ਜਾਂ ਕਿਸੇ ਵੀ ਕਿਸਮ ਦੇ ਹੋਰ ਬਕਾਏ ਬਾਬਤ ਨੋ ਡੀਊ ਸਰਟੀਫਿਕੇਟ (ਐਨ.ਡੀ.ਸੀ.) ਸਬੰਧਤ ਅਥਾਰਟੀ ਵੱਲੋਂ ਜਾਰੀ ਨਹੀਂ ਹੁੰਦਾ ਜਾਂ ਕਿਸੇ ਵੀ ਅਥਾਰਟੀ ਦੀ ਕਿਸੇ ਵੀ ਕਿਸਮ ਦੀ ਜਾਇਦਾਦ ਉੱਤੇ ਕਬਜ਼ੇ ਸਬੰਧੀ ਨੋ ਅਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ) ਜਾਰੀ ਨਹੀਂ ਹੁੰਦਾ ਤਾਂ ਸਬੰਧਤ ਉਮੀਦਵਾਰ ਆਪਣੇ ਵੱਲੋਂ ਇੱਕ ਹਲਫਨਾਮਾ ਨਾਮਜ਼ਦਗੀ ਪੱਤਰ ਦੇ ਨਾਲ ਲਾ ਕੇ ਕਾਗਜ਼ ਦਾਖਲ ਕਰ ਸਕਦਾ ਹੈ।
ਉਮੀਦਵਾਰ ਇਹ ਹਲਫਨਾਮਾ ਦੇਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਬਾਬਤ
ਉਸ ਦੇ ਵੱਲ ਕਿਸੇ ਵੀ ਕਿਸਮ ਦੇ ਟੈਕਸਾਂ ਦੇ ਏਰੀਅਰ ਦਾ ਬਕਾਇਆ ਜਾਂ ਕੋਈ ਹੋਰ ਬਕਾਇਆ ਨਹੀਂ ਖੜ੍ਹਾ ਹੈ। ਨਾ ਹੀ ਕਿਸੇ ਅਥਾਰਟੀ ਦੀ ਜਾਇਦਾਦ ਉੱਤੇ ਉਸ ਵੱਲੋਂ ਕੋਈ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ (ਆਰ.ਓ.) ਵੱਲੋਂ ਅਜਿਹੇ ਨਾਮਜ਼ਦਗੀ ਪੱਤਰ ਸਬੰਧਤ ਅਥਾਰਟੀਆਂ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਰਿਪੋਰਟ ਦੇਣ ਦੀ ਹਦਾਇਤ ਦੇ ਨਾਲ ਭੇਜੇ ਜਾਣਗੇ। ਜੇਕਰ 24 ਘੰਟਿਆਂ ਦੇ ਵਿੱਚ-ਵਿੱਚ ਸਬੰਧਤ ਅਥਾਰਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਮੰਨ ਲਿਆ ਜਾਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਸਬੰਧੀ ਉਮੀਦਵਾਰ ਕਿਸੇ ਵੀ ਕਿਸਮ ਦਾ ਡਿਫਾਲਟਰ ਨਹੀਂ ਹੈ ਅਤੇ ਨਾ ਹੀ ਉਸ ਨੇ ਅਣ ਅਧਿਕਾਰਤ ਤੌਰ ‘ਤੇ ਕੋਈ ਕਬਜ਼ਾ ਕੀਤਾ ਹੋਇਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਅਧਿਕਾਰੀਆਂ ਨੂੰ ਇਹਨਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ ਲਈ ਕਹਿ ਦਿੱਤਾ ਗਿਆ ਹੈ।