ਸਿਖਿਆ ਵਿਭਾਗ ਵੱਲੋਂ ਅਲੀਮਕੋ ਦੇ ਸਹਿਯੋਗ ਨਾਲ ਵਿਸ਼ੇਸ਼ ਲੋੜਾਂ ਵਾਲੇ ਬਚਿਆਂ ਨੂੰ ਲੋੜੀਂਦੇ ਉਪਕਰਨ ਵੰਡਣ ਸਰਕਾਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਕੈਂਪ ਲਗਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਮੈਡਮ ਖੁਸ਼ਬੂ ਸਵਨਾ ਨੇ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਬਚਿਆਂ ਦਾ ਹੌਸਲਾ ਵਧਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ।

ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬਚਿਆਂ ਦੀ ਭਲਾਈ ਹਿਤ ਸਮਾਗਮ ਵਿਚ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਚਿਆਂ ਅੰਦਰ ਹੁਨਰ ਤੇ ਪ੍ਰਤਿਭਾ ਦੀ ਕੋਈ ਕਮੀ ਨਹੀ ਹੁੰਦੀ ਹੈ, ਲੋੜ ਹੁੰਦੀ ਹੈ ਬਸ ਇਨ੍ਹਾਂ *ਤੇ ਧਿਆਨ ਦੇਣ ਦੀ ਅਤੇ ਹੌਸਲਾ ਵਧਾਉਣ ਦੀ । ਉਨ੍ਹਾਂ ਕਿਹਾ ਕਿ ਇਨ੍ਹਾ ਉਪਕਰਨ ਦੀ ਮਦਦ ਨਾਲ ਇਹ ਜਿਥੇ ਆਪਣੇ ਦਿਵਿਆਂਗਪਨ ਨੂੰ ਭੁੱਲ ਜਾਣਗੇ ਉਥੇ ਆਪਣੇ ਅੰਦਰ ਦੀ ਛੁਪੀ ਹੋਈ ਕਲਾ ਨੂੰ ਨਿਖਾਰਨ ਵਿਚ ਹੋਰ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬਚਿਆਂ *ਤੇ ਖਾਸ ਧਿਆਨ ਦਿੱਤਾ ਜਾਵੇ ਤਾਂ ਬਾਕੀ ਬਚਿਆਂ ਵਾਂਗ ਉਚੇ ਮੁਕਾਮਾਂ *ਤੇ ਪਹੁੰਚ ਵਿਚ ਕੋਈ ਕਸਰ ਨਹੀਂ ਛੱਡਣਗੇ।

ਉਨ੍ਹਾਂ ਸਿਖਿਆ ਵਿਭਾਗ ਤੇ ਅਲੀਮਕੋ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਭਲਾਈ ਹਿਤ ਕੈਂਪ ਲਗਾਉਣ ਨਾਲ ਉਹ ਵਿਸ਼ੇਸ਼ ਲੋੜ ਵਾਲੇ ਬਚਿਆਂ ਦੇ ਸਹਾਈ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਕਾਰਨਾਂ ਕਰਕੇ ਸ਼ਰੀਰਿਕ ਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣ ਵਾਲੇ ਬਚਿਆਂ ਨੂੰ ਸੁਖਾਲਾ ਜੀਵਨ ਪ੍ਰਦਾਨ ਕਰਨ ਵਿਚ ਆਪਣਾ ਵਢਮੁਲਾ ਯੋਗਦਾਨ ਪਾ ਰਹੇ ਹਨ।
