ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਅਤੇ ਜਾਇਦਾਦ ਦੀ ਰਜਿਸਟਰੇਸ਼ਨ ਨੂੰ ਆਸਾਨ ਬਣਾਉਣ ਲਈ ਸ਼ੁਰੂ ਹੋਈ ‘ਈਜ਼ੀ ਰਜਿਸਟਰੀ’ਪ੍ਰਕਿਰਿਆ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ

ਫਤਹਿਗੜ੍ਹ ਸਾਹਿਬ, 27 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਹਿਗੜ੍ਹ ਸਾਹਿਬ ਤੋਂ ਈਜ਼ੀ ਰਜਿਸਟਰੀ ਨੂੰ ਰਸਮੀ ਰੂਪ ਵਿੱਚ ਸਮੁੱਚੇ ਪੰਜਾਬ ਵਿੱਚ ਲਾਗੂ ਕਰਨ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਤਹਿਸੀਲ ਕੰਪਲੈਕਸ ਵਿਖੇ ਸਥਿਤ ਸਬ ਰਜਿਸਟਰਾਰ ਦਫ਼ਤਰ ਵਿੱਚ ਈਜ਼ੀ ਰਜਿਸਟਰੀ ਪ੍ਰਣਾਲੀ ਰਾਹੀਂ ਰਜਿਸਟਰੇਸ਼ਨ ਦਾ ਲਾਭ ਲੈਣ ਵਾਲੇ ਪ੍ਰਾਰਥੀਆਂ ਨਾਲ ਗੱਲ ਕੀਤੇ ਜਾਣ ‘ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ। ਲੋਕਾਂ ਨੇ ਕਿਹਾ ਕਿ ਸਰਕਾਰ ਦੇ ਇਸ ਉਦਮ ਨਾਲ ਜਿਥੇ ਤਹਿਸੀਲ ਦਫ਼ਤਰਾਂ ਵਿੱਚ ਬੇਲੋੜੀ ਖੱਜਲ ਖੁਆਰੀ ਬੰਦ ਹੋਵੇਗੀ ਉਥੇ ਹੀ ਇਸ ਕ੍ਰਾਂਤੀਕਾਰੀ ਪ੍ਰਣਾਲੀ ਨੂੰ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ, ਪਾਰਦਰਸ਼ਤਾ ਲਿਆਉਣ ਅਤੇ ਜਾਇਦਾਦ ਦੀ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਇੱਕ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।

ਇਸ ਮੌਕੇ ਮਕਾਨ ਦੀ ਰਜਿਸਟਰੀ ਕਰਵਾਉਣ ਪੁੱਜੇ ਫਤਹਿਗੜ੍ਹ ਸਾਹਿਬ ਦੇ ਹੀ ਵਸਨੀਕ ਪੁਨੀਤ ਸਿੰਘ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਸ਼ਾਨਦਾਰ ਉਪਰਾਲਾ ਹੈ ਜਿਸ ਨਾਲ ਦਸਤਾਵੇਜ਼ਾਂ ਦੀ ਆਨਲਾਈਨ ਪੂਰਵ ਜਾਂਚ ਹੋ ਜਾਂਦੀ ਹੈ ਅਤੇ ਲੰਬੀਆਂ ਕਤਾਰਾਂ ਵਿੱਚ ਨਹੀਂ ਖੜ੍ਹਨਾ ਪੈਂਦਾ।ਉਨ੍ਹਾਂ ਕਿਹਾ ਕਿ ਅੱਜ ਰਜਿਸਟਰੀ ਕਰਵਾਉਣ ਵਿੱਚ ਉਨ੍ਹਾਂ ਨੂੰ ਅੱਧੇ ਘੰਟੇ ਤੋਂ ਘੱਟ ਸਮਾਂ ਲੱਗਾ ਹੈ ਜਦਕਿ ਪਹਿਲਾਂ ਸਾਰਾ ਸਾਰਾ ਦਿਨ ਲੱਗ ਜਾਂਦਾ ਸੀ ਪਰ ਕੰਮ ਨਹੀਂ ਬਣਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨਾਲ ਤਹਿਸੀਲਾਂ ਵਿੱਚੋਂ ਰਿਸ਼ਵਤਖੋਰੀ ਦਾ ਦੌਰ ਖਤਮ ਹੋ ਗਿਆ ਹੈ।

ਇਸ ਮੌਕੇ ਲਾਭਪਾਤਰੀ ਸੰਨੀ ਚੋਪੜਾ ਵਾਸੀ ਸਰਹਿੰਦ ਨੇ ਵੀ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਆਰੰਭ ਹੋਣ ਨਾਲ ਲੋਕ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਰਜਿਸਟਰੀਆਂ ਹੁੰਦੀਆਂ ਸਨ ਤਾਂ ਦਸਤਾਵੇਜ਼ਾਂ ਦੀ ਪੂਰਤੀ ਵਿੱਚ ਹੀ ਕਾਫ਼ੀ ਸਮਾਂ ਨਸ਼ਟ ਹੋ ਜਾਂਦਾ ਸੀ ਪਰ ਹੁਣ ਲੋਕ ਸਮੇਂ ਦੀ ਬੱਚਤ ਤੇ ਪਾਰਦਰਸ਼ਤਾ ਪੱਖੋਂ ਵੱਡੀ ਰਾਹਤ ਮਹਿਸੂਸ ਕਰਨਗੇ।

ਫਤਹਿਗੜ੍ਹ ਸਾਹਿਬ ਦੇ ਹੀ ਵਸਨੀਕ ਤੇਜਵੀਰ ਸਿੰਘ ਨੇ ਕਿਹਾ ਕਿ ਉਹ ਜ਼ਮੀਨ ਦੇ ਵਿਕ੍ਰੇਤਾ ਵਜੋਂ ਰਜਿਸਟਰੀ ਕਰਵਾਉਣ ਆਏ ਸਨ ਅਤੇ ਈਜ਼ੀ ਰਜਿਸਟਰੇਸ਼ਨ ਪ੍ਰਕਿਰਿਆ ਨਾਲ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਵਿੱਚ ਪਹਿਲਾਂ ਨਾਲੋਂ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਣਾਲੀ ਨਾਲ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਰਜਿਸਟਰੀ ਲਈ ਉਨ੍ਹਾਂ ਦਾ ਕਿਹੜਾ ਸਮਾਂ ਨਿਰਧਾਰਿਤ ਹੋਇਆ ਹੈ ਅਤੇ ਉਸੇ ਮੁਤਾਬਕ ਹੀ ਇਥੇ ਤਹਿਸੀਲ ਵਿਖੇ ਪੁੱਜੇ ਹਨ।

ਹਰਪ੍ਰੀਤ ਸਿੰਘ ਵਾਸੀ ਆਲਮਪੁਰ ਨੇ ਕਿਹਾ ਕਿ ਉਹ ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ (ਪੀ.ਐਲ.ਆਰ.ਐਸ) ਨਾਲ ਸਬੰਧਤ ਸਲਾਨਾ ਸਬਸਕ੍ਰਿਪਸ਼ਨ ਦਾ ਲਾਭ ਲੈਣ ਲਈ ਪੁੱਜੇ ਸਨ ਜਿਸ ਨਾਲ ਜ਼ਮੀਨ ਮਾਲਕਾਂ ਨੂੰ ਉਨ੍ਹਾਂ ਦੀ ਖੇਵਟ ਨਾਲ ਜੁੜੇ ਕਿਸੇ ਵੀ ਬਦਲਾਅ ਬਾਰੇ ਤੁਰੰਤ ਮੋਬਾਇਲ ‘ਤੇ ਸੂਚਨਾ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਵਾਸੀ ਭਾਰਤੀਆਂ ਲਈ ਇੱਕ ਵੱਡੀ ਸੁਵਿਧਾ ਹੈ ਜਿਸ ਨੂੰ ਉਪਲਬਧ ਕਰਵਾਉਣ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।ਇਹ ਵੀ ਦੱਸਣਯੋਗ ਹੈ ਕਿ ਇਹ ਇੱਕ ਸਲਾਨਾ ਸੇਵਾ ਹੈ ਜਿਸ ਦੇ ਲਾਭਪਾਤਰੀ ਦਾ ਮੋਬਾਇਲ ਨੰਬਰ ਖੇਵਟ ਨਾਲ ਰਜਿਸਟਰ ਹੋ ਜਾਂਦਾ ਹੈ ਅਤੇ ਜਦੋਂ ਵੀ ਉਸ ਖੇਵਟ ਨੰਬਰ ਨਾਲ ਸਬੰਧਤ ਕੋਈ ਇੰਤਕਾਲ, ਰਜਿਸਟਰੀ ਜਾਂ ਹੋਰ ਤਬਦੀਲੀ ਹੁੰਦੀ ਹੈ ਤਾਂ ਐਸ.ਐਮ.ਐਸ ਰਾਹੀਂ ਤੁਰੰਤ ਜ਼ਮੀਨ ਮਾਲਕ ਨੂੰ ਸੂਚਨਾ ਚਲੀ ਜਾਂਦੀ ਹੈ।

ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਇਸ ਕ੍ਰਾਂਤੀਕਾਰੀ ਉਪਰਾਲੇ ਸਦਕਾ ਹੁਣ ਲੋਕਾਂ ਨੂੰ ਤਹਿਸੀਲਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਵਾਹ ਪਵੇਗਾ ਕਿਉਂਕਿ ਈਜ਼ੀ ਰਜਿਸਟਰੇਸ਼ਨ ਪ੍ਰਣਾਲੀ ਰਾਹੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਇਲ ‘ਤੇ ਮਿਲੇਗੀ ਜਿਸ ਨਾਲ ਲੋਕ ਪਲ ਪਲ ਦੀ ਪ੍ਰਗਤੀ ਬਾਰੇ ਜਾਣੂ ਰਹਿਣਗੇ। ਆਨਲਾਈਨ ਦਸਤਾਵੇਜ਼ ਜਮ੍ਹਾਂ ਕਰਵਾਉਣ, ਡਿਜੀਟਲ ਢੰਗ ਨਾਲ ਅਗਾਊ਼ ਪੜਤਾਲ ਕਰਨ ਅਤੇ ਰਜਿਸਟਰੀ ਕਰਵਾਉਣ ਲਈ ਸਬ ਰਜਿਸਟਰਾਰ ਦਫ਼ਤਰ ਜਾਣ ਲਈ ਖੁਦ ਦੀ ਸੁਵਿਧਾ ਅਨੁਸਾਰ ਸਮੇਂ ਦੀ ਚੋਣ ਕਰਨ ਜਿਹੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ।

ਇਸ ਸੁਵਿਧਾ ਰਾਹੀਂ ਹੁਣ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਵਿੱਚ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਈ ਜਾ ਸਕਦੀ ਹੈ, ਭਾਵੇਂ ਉਹ ਜਾਇਦਾਦ ਉਸ ਦਫ਼ਤਰ ਦੇ ਅਧੀਨ ਨਾ ਵੀ ਆਉਂਦੀ ਹੋਵੇ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ ਕਿ ਉਹ ਆਪਣੀ ਲੋੜ ਅਨੁਸਾਰ ਕਿਸੇ ਵੀ ਨੇੜਲੇ ਦਫ਼ਤਰ ਨੂੰ ਚੁਣ ਸਕਦੇ ਹਨ।

Leave a Reply

Your email address will not be published. Required fields are marked *