ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ, ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਉਚੇਚੀ ਨਿਗਰਾਨੀ, ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਸਨਮਾਨ ਮਿੱਢਾ ਦੀ ਨਿਗਰਾਨੀ ਹੇਠ ਅੱਖਾਂ ਦਾਨ ਅਤੇ ਅੰਗਦਾਨ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਨਮਾਨ ਮਿੱਢਾ ਨੇ ਕਿਹਾ ਕਿ ਜਾਗਰੂਕਤਾ ਰਾਹੀਂ ਹੀ ਲੋਕਾਂ ਨੂੰ ਅੱਖਾਂ ਦਾਨ ਅਤੇ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਸਿਹਤ ਕਰਮਚਾਰੀ ਅੱਖਾਂ ਦੇ ਮਾਹਰ ਡਾ. ਲਵਲੀ ਕਾਂਸਲ ਦੀ ਅਗਵਾਈ ਹੇਠ ਮੌਤ ਤੋਂ ਬਾਅਦ ਅੱਖਾਂ ਦਾਨ ਅਤੇ ਅੰਗਦਾਨ ਕਰਨ ਅਤੇ ਅੱਖਾਂ ਦੀਆਂ ਬਿਮਾਰੀਆਂ, ਅੰਨ੍ਹੇਪਣ ਦੇ ਕਾਰਨਾਂ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਅੱਖਾਂ ਦਾਨ ਪੰਦਰਵਾਡ਼ੇ ਅਤੇ ਅੰਗ ਦਾਨ ਮੁਹਿੰਮ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਅਤੇ ਸਿਹਤ ਕੇਂਦਰਾਂ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਇਸ ਲੜੀ ਵਿੱਚ ਰਾਮਦੇਵ ਨਗਰੀ ਵਿਖੇ ਇੱਕ ਜਾਗਰੂਕਤਾ ਗਤੀਵਿਧੀ ਦੌਰਾਨ, ਉਨ੍ਹਾਂ ਦੱਸਿਆ ਕਿ ਹਰ ਸਾਲ ਹਜ਼ਾਰਾਂ ਲੋਕ ਅੱਖਾਂ ਦੀ ਪੁਤਲੀ ਨੂੰ ਨੁਕਸਾਨ ਹੋਣ ਦੇ ਕਾਰਨ ਅੰਨ੍ਹੇਪਣ ਤੋਂ ਪੀਡ਼ਤ ਹੁੰਦੇ ਹਨ, ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਇੱਕ ਅੱਖਾਂ ਦਾਨ ਕਰਨ ਵਾਲਾ ਵਿਅਕਤੀ 2 ਲੋਕਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਉਮਰ ਦੇ ਵਿਅਕਤੀ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ, ਭਾਵੇਂ ਉਸ ਦੀਆਂ ਅੱਖਾਂ ਵਿੱਚ ਲੈਂਜ਼ ਲੱਗੇ ਹੋਣ, ਐਨਕਾਂ ਪਾਈਆਂ ਹੋਣ, ਅੱਖਾਂ ਦਾ ਅਪਰੇਸ਼ਨ ਹੋਇਆ ਹੋਵੇ। ਕਿਸੇ ਵਿਅਕਤੀ ਦੀ ਮੌਤ ਦੇ 6 ਤੋਂ 8 ਘੰਟਿਆਂ ਦੇ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਹ ਪ੍ਰਕਿਰਿਆ ਸਿਰਫ਼ 10 ਤੋਂ 15 ਮਿੰਟਾਂ ਵਿੱਚ ਪੂਰੀ ਹੋ ਜਾਂਦੀ ਹੈ। ਏ.ਐਨ.ਐਮ ਲਖਵਿੰਦਰ ਕੌਰ ਨੇ ਕਿਹਾ ਕਿ ਅੰਗਦਾਨ ਕਈ ਲੋਕਾਂ ਨੂੰ ਨਵਾਂ ਜੀਵਨ ਦੇ ਸਕਦਾ ਹੈ। ਜੋ ਲੋਕ ਆਪਣੀਆਂ ਅੱਖਾਂ ਅਤੇ ਹੋਰ ਅੰਗਾਂ ਦਾ ਦਾਨ ਕਰਨਾ ਚਾਹੁੰਦੇ ਹਨ, ਉਹ https://notto.abdm.gov.in/’ਤੇ ਆਨਲਾਈਨ ਫਾਰਮ ਭਰ ਸਕਦੇ ਹਨ। ਇਸ ਮੌਕੇ ਆਸ਼ਾ ਵਰਕਰ, ਆਂਗਨਵਾਡ਼ੀ ਵਰਕਰ ਅਤੇ ਹੋਰ ਵੀ ਹਾਜ਼ਰ ਸਨ।