ਇਲਾਕੇ ਵਿੱਚੋ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੀ ਟੀਮ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਵਿੱਚ ਛਾਪੇਮਾਰੀ ਕਰਦਿਆ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਹ ਚੈਕਿੰਗ ਦੀ ਕਾਰਵਾਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾ ਅਤੇ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਾਜ਼ਿਲਕਾ ਨਵਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ। ਜਿਸ ਦੋਰਾਨ ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋ ਜਲਾਲਾਬਾਦ ਸ਼ਹਿਰ ਦੇ ਮੇਂਨ ਬਜਾਰ, ਬੱਸ ਸਟੈਡ, ਦੇਵੀ ਦਵਾਰ ਮੰਦਿਰ ਅਤੇ ਰਾਮ ਲੀਲਾ ਚੌਕ ਵਿਖੇ ਛਾਪੇਮਾਰੀ ਕੀਤੀ ਗਈ। ਚੈਕਿੰਗ ਕਰਦੇ ਸਮੇ ਟੀਮ ਨੂੰ ਇੱਕ ਬੱਚਾ ਭੀਖ ਮੰਗਦਾ ਮਿਲਿਆ। ਉਸ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਸਮੇ ਸਮੇ ਤੇ ਉਸ ਦਾ ਫੋਲੋਆਪ ਲਿਆ ਜਾਵੇਗਾ। ਹੁਣ ਤੱਕ 10 ਬੱਚਿਆਂ ਨੂੰ ਚਾਇਲਡ ਬੈਗਿੰਗ ਤੋਂ ਹਟਾ ਕੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਸਮੇਂ ਸਮੇਂ ਤੇ ਉਹਨਾਂ ਨੂੰ ਸਕੂਲ ਜਾ ਕੇ ਚੈੱਕ ਕੀਤਾ ਜਾਂਦਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਕਿਹਾ ਕਿ ਜ਼ਿਲੇ ਵਿੱਚ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਪੁਲਿਸ ਅਤੇ ਹੋਰ ਵੱਖ -ਵੱਖ ਸਰਕਾਰੀ ਵਿਭਾਗਾ ਦੇ ਕਰਮਚਾਰੀਆ ਨਾਲ ਮਿਲ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਭੀਖ ਮੰਗਣ ਵਿੱਚ ਸ਼ਾਮਲ ਬੱਚਿਆ ਨੂੰ ਬਚਾਇਆ ਜਾਵੇਗਾ ਅਤੇ ਉਨ੍ਹਾ ਦਾ ਪੁਨਰਵਾਸ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਜਾਂ ਮਾਪੇ ਬੱਚਿਆ ਤੋ ਭੀਖ ਮੰਗਵਾਉਦੇ ਹਨ ਜਾਂ ਉਨ੍ਹਾ ਨੂੰ ਅਜਿਹਾ ਕਰਨ ਲਈ ਉਕਸਾਉਦੇ ਹਨ ਤਾਂ 5 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਅਜਿਹੇ ਮਾਪੇ ਜੋ ਬੱਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭਿਖਿਆ ਕਰਵਾ ਰਹੇ ਹਨ, ਉਹਨਾਂ ਦੇ ਬੱਚਿਆਂ ਦੇ ਡੀ.ਐਨ.ਏ. ਟੈਸਟ ਕਰਵਾਏ ਜਾਣਗੇ ਕਿਉਂਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਦੂਸਰੇ ਰਾਜਾਂ ਦੇ ਵਿੱਚੋਂ ਆਏ ਬੱਚੇ ਭੀਖ ਮੰਗਦੇ ਹਨ ਅਤੇ ਕਈ ਵਾਰ ਉਹਨਾਂ ਨਾਲ ਮਾਪੇ ਬਣਕੇ ਘੁੰਮ ਰਹੇ ਵਿਅਕਤੀ ਉਹਨਾਂ ਦੇ ਅਸਲ ਮਾਪੇ ਨਹੀਂ ਹੁੰਦੇ ਅਤੇ ਜਾਂਚ ਦੌਰਾਨ ਕਈ ਬੱਚੇ ਕਿਤੇ ਨਾ ਕਿਤੇ ਚੋਰੀ ਕੀਤੇ ਨਿਕਲਦੇ ਹਨ।

ਜੇਕਰ ਕਿਸੇ ਨੂੰ ਇਹ ਲੱਗਦਾ ਹੈ ਕਿ ਬੱਚੇ ਦੇ ਮਾਪੇ ਉਸਨੂੰ ਸੰਭਾਲਣ ਵਿੱਚ ਅਸਮਰਥ ਹਨ ਤਾਂ ਉਸ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਜਿੱਥੇ ਕਿ ਬੱਚੇ ਦੀ ਮੁਕੰਮਲ ਸਿੱਖਿਆ ਅਤੇ ਉਸਦੇ ਖਾਣ ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਜੀ ਦੇ ਆਦੇਸ਼ਾਂ ਅਨੁਸਾਰ ਇਹ ਚੈਕਿੰਗਾਂ ਭਵਿੱਖ ਵਿੱਚ ਜਾਰੀ ਰਹਿਣਗੀਆਂ।
ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਕਿਉਂਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਮਾਪੇ ਇਸ ਲਈ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਕਿਉਂਕਿ ਉਹਨਾਂ ਦੇ ਬੱਚੇ ਭੀਖ ਮੰਗ ਕੇ ਚੰਗੇ ਪੈਸੇ ਇਕੱਠੇ ਕਰਕੇ ਲਿਆਉਂਦੇ ਹਨ। ਉਹਨਾਂ ਨੇ ਦੱਸਿਆ ਕਿ ਭੀਖ ਮੰਗਵਾਉਣ ਦੇ ਦੋਸ਼ ਵਿੱਚ ਜੇ.ਜੇ.ਐਕਟ, 2025 ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਲੋਕਾ ਨੂੰ ਅਪੀਲ ਕੀਤੀ ਹੈ ਕਿ ਬਾਲ ਭੀਖਿਆ ਨੂੰ ਜੜ ਤੋ ਖਤਮ ਕਰਨ ਲਈ ਸਾਰਿਆ ਦਾ ਸਹਿਯੋਗ ਜਰੂਰੀ ਹੈ । 18 ਸਾਲ ਤੋ ਘੱਟ ਉਮਰ ਦੇ ਬੱਚਿਆ ਨੂੰ ਭੀਖ ਨਾ ਦਿੱਤੀ ਜਾਵੇ, ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹਾ ਤਾ ਤੁਰੰਤ ਵਿਭਾਗ ਨੂੰ ਸੂਚਿਤ ਕਰੋ । ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ । ਅਪਣੇ ਆਸ-ਪਾਸ ਗਲਤ ਹੁੰਦਾ ਦੇਖੋ ਤਾ ਇਸ ਦੀ ਸੂਚਨਾ ਦਿਉ ਕਿਉਕਿ ਵਿੱਦਿਆ ਹਰ ਬੱਚੇ ਦਾ ਅਧਿਕਾਰ ਹੈ ਤੇ ਉਹ ਇਸ ਤੋ ਵਾਂਝਾ ਨਹੀ ਰਹਿਣਾ ਚਾਹੀਦਾ । ਚੈਕਿੰਗ ਦੌਰਾਨ ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ, ਕੌਸ਼ਲ ਸੀ.ਪੀ.ਓ, ਨਿਸ਼ਾਨ ਸਿੰਘ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਚਾਇਲਡ ਲਾਇਨ ਦੇ ਨੁੰਮਾਇਂਦੇ ਸ਼ਾਮਲ ਸਨ।