ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜ਼ਿਲਾ ਪੱਧਰੀ ਸੈਮੀਨਾਰ ਲਗਾਇਆ

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ, ਸਹਾਇਕ ਸਿਵਿਲ ਸਰਜਨ ਡਾਕਟਰ ਰੋਹਿਤ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਏਰਿਕ,ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਰਪਿਤ ਗੁਪਤਾ ਅਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੀ ਦੇਖਰੇਖ ਵਿੱਚ ਸੈਕਰਟ ਹਾਰਟ ਕਾਨਵੈਂਟ ਸਕੂਲ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਡਾਕਟਰ ਸੁਨੀਤਾ ਕੰਬੋਜ ਨੇ ਬੱਚਿਆਂ ਨੂੰ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜਸ਼ ਨੂੰ ਦਰਸਾਉਂਦਾ ਹੈ, ਜੋ ਕਿ ਖੂਨ ਵਿੱਚ ਬਿਲੀਰੂਬਿਨ ਦੀ ਵਧੀ ਹੋਈ ਮਾਤਰਾ ਦੇ ਕਾਰਨ ਹੁੰਦਾ ਹੈ। ਇਹ ਵਾਇਰਲ ਇਨਫੈਕਸ਼ਨ, ਸ਼ਰਾਬ, ਕੁਝ ਦਵਾਈਆਂ, ਵਾਇਰਲ ਪਦਾਰਥਾਂ ਦਾ ਸੇਵਨ, ਇੱਕ ਸੰਕਰਮਿਤ ਮਾਂ ਤੋਂ ਉਸਦੇ ਬੱਚੇ ਨੂੰ, ਅਸੁਰੱਖਿਅਤ ਜਿਨਸੀ ਸੰਬੰਧ ਅਤੇ ਆਟੋਇਮਿਊਨ ਵਿਕਾਰ ਸਮੇਤ ਕਈ ਕਾਰਕਾਂ ਦੇ ਕਾਰਨ ਹੁੰਦਾ ਹੈ। ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਜਿਹੇ ਵਾਇਰਸਾਂ ਕਾਰਨ ਹੋਣ ਵਾਲਾ ਵਾਇਰਲ ਹੈਪੇਟਾਈਟਸ ਇੱਕ ਵਿਸ਼ਵਵਿਆਪੀ ਸਿਹਤ ਚਿੰਤਾ ਦਾ ਵਿਸ਼ਾ ਹੈ। ਇਸ ਵਾਰ ਇਹ ਦਿਨ “ਹੈਪੇਟਾਈਟਸ: ਆਓ ਇਸ ਨੂੰ ਤੋੜੀਏ” ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਹ ਥੀਮ ਹੈਪੇਟਾਈਟਸ ਖਾਤਮੇ ਅਤੇ ਜਿਗਰ ਦੇ ਕੈਂਸਰ ਦੀ ਰੋਕਥਾਮ ਵਿੱਚ ਆਉਣ ਵਾਲੀ ਵਿੱਤੀ, ਸਮਾਜਿਕ ਅਤੇ ਪ੍ਰਣਾਲੀਗਤ ਰੁਕਾਵਟਾਂ ਨੂੰ ਤੁਰੰਤ ਦੂਰ ਕਰਨ ਦਾ ਸੱਦਾ ਦਿੰਦਾ ਹੈ।

ਉਹਨਾਂ ਦੱਸਿਆ ਕਿ ਹੈਪੇਟਾਈਟਸ ਏ ਬਿਮਾਰੀ ਆਮ ਤੌਰ ‘ਤੇ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਫੈਲਦੀ ਹੈ ਅਤੇ ਆਮ ਤੌਰ ‘ਤੇ ਘੱਟ ਪ੍ਰਭਾਵਸ਼ਾਲੀ ਅਤੇ ਆਪਣੇ ਆਪ ਠੀਕ ਹੋ ਜਾਂਦੀ ਹੈ। ਦੇਸ਼ ਵਿੱਚ ਹੈਪੇਟਾਈਟਸ-ਏ ਦੇ ਮਰੀਜ਼ ਜ਼ਿਆਦਾ ਪਾਏ ਜਾਂਦੇ ਹਨ। ਹੈਪੇਟਾਈਟਸ ਬੀ ਅਤੇ ਸੀ ਸੰਕਰਮਿਤ ਖੂਨ ਦੇ ਸੰਪਰਕ ਅਤੇ ਅਸੁਰੱਖਿਅਤ ਸੰਭੋਗ ਰਾਹੀਂ ਫੈਲਦਾ ਹੈ। ਐੱਚਆਈਵੀ ਮਰੀਜ਼ਾਂ ਨੂੰ ਹੈਪੇਟਾਈਟਸ ਸੀ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਹੈਪੇਟਾਈਟਸ ਕਾਰਨ ਸਿਰੋਸਿਸ ਅਤੇ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਬੁਖਾਰ, ਥਕਾਵਟ, ਭੁੱਖ ਨਾ ਲੱਗਣਾ, ਮਤਲੀ, ਉਲਟੀਆਂ, ਪੇਟ ਦਰਦ, ਗੂੜ੍ਹਾ ਪਿਸ਼ਾਬ, ਮਿੱਟੀ ਦੇ ਰੰਗ ਦਾ ਮੱਲ, ਜੋੜਾਂ ਵਿੱਚ ਦਰਦ ਅਤੇ ਪੀਲੀਆ (ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ) ਇਸ ਬਿਮਾਰੀ ਦੇ ਲੱਛਣ ਹਨ। ਉਹਨਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਨਿੱਜੀ ਅਤੇ ਆਲੇ-ਦੁਆਲੇ ਦੀ ਸਫਾਈ ਰੱਖੋ, ਸਿੰਗਲ-ਯੂਜ਼ ਸਰਿੰਜਾਂ ਦੀ ਵਰਤੋਂ ਕਰੋ, ਅਸੁਰੱਖਿਅਤ ਸੰਭੋਗ ਨਾ ਕਰੋ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰੋ।

ਮਾਸ ਮੀਡੀਆ ਵਿੰਗ ਵੱਲੋਂ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਅਤੇ ਬੀਈਈ ਦਿਵੇਸ਼ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ (NVHCP) ਦੇ ਤਹਿਤ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦੀ ਮੁੱਢਲੀ ਜਾਂਚ, ਵਾਇਰਲ ਲੋਡ ਟੈਸਟ ਅਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹਨ। ਸਿਹਤ ਵਿਭਾਗ ਵੱਲੋਂ ਨਵਜੰਮੇ ਬੱਚਿਆਂ ਦਾ ਟੀਕਾਕਰਨ ਅਤੇ ਗਰਭਵਤੀ ਔਰਤਾਂ ਦਾ ਟੈਸਟ ਵੀ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਸਿਸਟਰ ਅੰਜਨਾ  ਟੀਚਰ  ਅਨੀਤਾ  ਸ਼ਰਮਾ  ਅਤੇ  ਆਸ਼ੀਸ਼  ਕੁਮਾਰ  ਬੀਸੀਸੀ ਕੋਆਰਡੀਨੇਟਰ ਸੁਖਦੇਵ ਸਿੰਘ  ਅਤਿੰਦਰਪਾਲ  ਸਿੰਘ  ਮੌਜੂਦ ਸਨ।

Leave a Reply

Your email address will not be published. Required fields are marked *