ਬਸੀ ਪਠਾਣਾ/ਫਤਹਿਗੜ੍ਹ ਸਾਹਿਬ : ਸਮਾਜ ਦੇ ਹਰ ਲੋੜਵੰਦ ਵਿਅਕਤੀ ਤੱਕ ਕਾਨੂੰਨੀ ਸਹਾਇਤਾ ਪਹੁੰਚਾਉਣ ਦੇ ਮੰਤਵ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਸੀ ਪਠਾਣਾ ਦੇ ਸ਼੍ਰੀਜਨ ਸਕੂਲ ਵਿਖੇ ਮਾਨਸਿਕ ਪੱਧਰ ਤੇ ਕਮਜੋਰ ਅਤੇ ਬੌਧਿਕ ਪੱਧਰ ਤੇ ਅਪੰਗ ਵਿਅਕਤੀਆਂ ਲਈ ਦੋ ਰੋਜ਼ਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਮਨੋਚਿਕਿਤਸਕਾਂ ਦੀ ਟੀਮ ਵੱਲ੍ਹੋਂ ਬੱਚਿਆਂ ਦੀ ਜਾਂਚ ਕੀਤੀ ਗਈ।

ਕੈਂਪ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਦੀਪਤੀ ਗੋਇਲ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੇਂ-ਸਮੇਂ ਤੇ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚੋਂ ਮਾਨਸਿਕ ਪੱਧਰ ਤੇ ਕਮਜ਼ੋਰ ਅਤੇ ਬੌਧਿਕ ਪੱਧਰ ਤੇ ਅਪੰਗ ਵਿਅਕਤੀਆਂ ਲਈ ਸਕੀਮ 2015 ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਵਿੱਚ ਨਵੀਂਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਪੱਧਰ ਤੇ ਕਮਜ਼ੋਰ ਅਤੇ ਬੌਧਿਕ ਤੌਰ ਤੇ ਅਪੰਗ ਵਿਅਕਤੀਆਂ ਤੱਕ ਕਾਨੂੰਨੀ ਸੇਵਾਵਾਂ ਪਹੁੰਚਾਉਣ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਤਰ੍ਹਾਂ ਹੀ ਬੱਚਿਆਂ ਲਈ ਕਾਨੂੰਨੀ ਸੇਵਾਵਾਂ ਇਕਾਈ ਬਣਾਈ ਗਈ ਸੀ। ਇਨ੍ਹਾਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲ੍ਹੋਂ ਦੋ ਖਾਸ ਕਾਨੂੰਨੀ ਸੇਵਾਵਾਂ ਇਕਾਈਆਂ ਬਣਾਈਆਂ ਗਈਆਂ ਸੀ, ਜਿਸ ਦੇ ਮੈਂਬਰ ਸੇਵਾਮੁਕਤ ਨਿਆਂਇਕ ਅਧਿਕਾਰੀ, ਡਿਪਟੀ ਲੀਗਲ ਏਡ ਡਿਫੈਂਸ ਕਾਊਂਸਲ, ਪੈਨਲ ਦੇ ਵਕੀਲ ਅਤੇ ਪੈਰਾ ਲੀਗਲ ਵਾਲੰਟੀਅਰਜ਼ ਸ਼ਾਮਲ ਹਨ।

ਸ਼੍ਰੀਮਤੀ ਦੀਪਤੀ ਗੋਇਲ ਨੇ ਦੱਸਿਆ ਕਿ ਇਹ ਸਕੀਮ ਉਨ੍ਹਾਂ ਮਾਨਸਿਕ ਅਤੇ ਬੌਧਿਕ ਤੌਰ ਤੇ ਅਸਮਰੱਥ ਵਿਅਕਤੀਆਂ ਨੂੰ ਕੇਂਦਰਿਤ ਕਰਕੇ ਬਣਾਈ ਗਈ ਹੈ, ਜੋ ਕਿ ਸਮਾਜ ਦਾ ਇੱਕ ਅਣਗੋਲਿਆ ਭਾਗ ਹਨ। ਉਨ੍ਹਾਂ ਕਿਹਾ ਕਿ ਅਸਮਰੱਥ ਵਿਅਕਤੀਆਂ ਦਾ ਹਰ ਸਕੀਮ, ਪ੍ਰੋਗਰਾਮ ਅਤੇ ਸਹੂਲਤ ਉੱਤੇ ਬਰਾਬਰ ਦੀ ਪਹੁੰਚ ਯਕੀਨੀ ਬਣਾਈ ਜਾਵੇਗੀ ਅਤੇ ਉਨ੍ਹਾਂ ਦੀਆਂ ਬੌਧਿਕ ਤੌਰ ਤੇ ਖਾਸ ਸਹੂਲਤਾਂ ਨਾਲ ਸਬੰਧਤ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋੜਵੰਦਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ ਸਬੰਧਿਤ ਇਕਾਈ ਨੂੰ ਸਰਕਾਰੀ ਵਿਭਾਗ, ਏਜੰਸੀਆਂ, ਯੂਨੀਵਰਸਿਟੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਜਿਨ੍ਹਾਂ ਨੂੰ ਬੌਧਿਕ ਸਿਹਤ ਦੇ ਖੇਤਰ ਵਿੱਚ ਤਜਰਬਾ ਹੋਵੇਗਾ, ਦੀ ਸਹਾਇਤਾ ਨਾਲ ਹਰ ਤਿਮਾਹੀ ਟ੍ਰੇਨਿੰਗ ਦਿੱਤੀ ਜਾਵੇਗੀ।