ਮਾਣਯੋਗ ਜਸਟਿਸ ਸ਼੍ਰੀ ਦੀਪਕ ਸਿੱਬਲ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮੈਡਮ ਨਵਜੋਤ ਕੌਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਜੀ ਦੀ ਰਹਿਨੁਮਾਈ ਹੇਠ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵਿਖੇ ਬਾਲ ਅਪਰਾਧੀਆਂ ਅਤੇ ਬੱਚਿਆਂ ਦੇ ਪੀੜਤਾਂ ਨਾਲ ਪਹਿਲੀ ਵਾਰ ਪੁਲਿਸ ਸੰਪਰਕ ਦੌਰਾਨ ਕਿਵੇਂ ਨਿਪਟਣਾ ਹੈ, ਇਸ ਸਬੰਧੀ ਬਣਾਏ ਗਏ ਮਿਆਰੀ ਕਾਰਜ ਪ੍ਰਣਾਲੀ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਲਈ ਇਕ ਜਾਗਰੂਕਤਾ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਥਾਣਿਆਂ ਦੇ ਪੁਲਿਸ ਅਧਿਕਾਰੀ, ਬਾਲ ਸੁਰੱਖਿਆ ਕਮੇਟੀ ਦੇ ਚੇਅਰਮੈਨ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਇੰਚਾਰਜ ਸਖੀ ਵਨ ਸਟੋਪ ਸੈਂਟਰ ਮੌਜੂਦ ਰਹੇ। ਮੀਟਿੰਗ ਦੀ ਪ੍ਰਧਾਨਗੀ ਮੈਡਮ ਰੁਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਐਸ.ਓ.ਪੀ. ਦੀ ਲੋੜ ਅਤੇ ਮਹੱਤਤਾ ‘ਤੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਨਾਬਾਲਿਗ ਕਾਨੂੰਨ ਦੀ ਉਲੰਘਣਾ ਕਰਦਾ ਹੈ ਜਾਂ ਕਿਸੇ ਅਪਰਾਧ ਦਾ ਪੀੜਤ ਬਣਦਾ ਹੈ ਅਤੇ ਉਸ ਦਾ ਪਹਿਲਾ ਸੰਪਰਕ ਪੁਲਿਸ ਨਾਲ ਹੁੰਦਾ ਹੈ, ਤਾਂ ਇਹ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਬੱਚਿਆਂ ਨਾਲ ਬੜੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਪੇਸ਼ ਆਉਣਾ ਲਾਜ਼ਮੀ ਹੈ। ਇਸ ਮੀਟਿੰਗ ਰਾਹੀਂ ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਪੁਲਿਸ ਅਧਿਕਾਰੀ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਨੂੰ ਸਮਝਣ ਅਤੇ ਲਾਗੂ ਕਰਨ ਲਈ ਤਤਪਰ ਹਨ, ਤਾਂ ਜੋ ਕਿਸੇ ਵੀ ਬੱਚੇ ਦੇ ਹੱਕਾਂ ਦੀ ਉਲੰਘਣਾ ਨਾ ਹੋਵੇ ਅਤੇ ਉਸ ਨੂੰ ਸੰਰਖਣਯੋਗ ਵਾਤਾਵਰਣ ਮਿਲੇ।
ਇਸ ਤੋਂ ਇਲਾਵਾ ਮੈਡਮ ਰਮਨਦੀਪ ਕੌਰ, ਪੈਨਲ ਵਕੀਲ ਵੱਲੋਂ ਮੀਟਿੰਗ ਵਿੱਚ ਆਏ ਸਾਰੇ ਅਧਿਕਾਰੀਆਂ ਨੂੰ ਐਸ.ਓ.ਪੀ ਦੇ ਮੁੱਖ ਬਿੰਦੂਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਨਾਲਸਾ ਦੀਆਂ ਸਾਰੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਨਾਲਸਾ ਦੀਆਂ ਸਕੀਮਾਂ ਦੀ ਪਾਲਣਾ ਅਤੇ ਪ੍ਰਚਾਰ ਲਈ ਵੀ ਕਿਹਾ ਗਿਆ। ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਯਾ ਸਲਾਹ ਲਈ ਟੋਲ ਫਰੀ ਨੰ. 15100 ਤੇ ਸੰਪਰਕ ਕੀਤਾ ਜਾ ਸਕਦਾ ਹੈ।