ਜਿਲ੍ਹਾ ਸਿਹਤ ਵਿਭਾਗ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਕੀਤਾ ਗਿਆ

 ਫਾਜ਼ਿਲਕਾ 10 ਅਕਤੂਬਰ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਦੇ ਹੁਕਮਾਂ ਅਨੁਸਾਰ ਡਾਕਟਰ ਏਰਿਕ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾਕਟਰ ਅਰਪਿਤ ਗੁਪਤਾ ਸਹਾਇਕ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਸਬੰਧੀ ਜਾਗਰੂਕਤਾ ਸਮਾਗਮ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ @ਸੇਵਾਵਾਂ ਤੱਕ ਪਹੁੰਚ: ਤਬਾਹੀ ਅਤੇ ਐਂਮਰਜੈਂਸੀ ਵਿੱਚ ਮਾਨਸਿਕ ਸਿਹਤ@ ਥੀਮ ਹੇਠ ਕਰਵਾਇਆ ਗਿਆ। ਇਸ ਦਿਵਸ ਸਬੰਧੀ ਡਾ ਰੋਹਿਤ ਗੋਇਲ ਅਤੇ ਡਾਕਟਰ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋਂ ਜਾਗਰੂਕਤਾ ਪ੍ਰਿੰਟਿਗ ਮੈਟੀਰੀਅਲ ਦਫ਼ਤਰ ਸਿਵਲ ਸਰਜਨ ਵਿਖੇ ਰਲੀਜ਼ ਕੀਤਾ ਗਿਆ।

ਇਸ ਦਿਨ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਨੂੰ ਮਾਨਸਿਕ ਰੋਗਾਂ ਸਬੰਧੀ, ਇਨ੍ਹਾਂ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਇਨ੍ਹਾਂ ਰੋਗਾਂ ਦਾ ਇਲਾਜ ਕਿਹੜੇ ਹਸਪਤਾਲਾਂ ਵਿੱਚ ਉਪਲਬਧ ਹੈ, ਬਾਰੇ ਜਾਗਰੂਕ ਕਰਨਾ ਹੈ।

ਡਾ ਪਿਕਾਕਸ਼ੀ ਅਰੋੜਾ ਮਨੋਰੋਗਾਂ ਦੇ ਮਾਹਿਰ ਦੀ ਨੇ ਜਾਣਕਾਰੀ  ਦਿੰਦਿਆਂ ਦੱਸਿਆ ਕਿ ਮਾਨਸਿਕ ਬਿਮਾਰੀ ਤੋਂ ਪੀੜਤ ਲੋਕ ਸੰਸਾਰ ਦੇ ਹਰੇਕ ਦੇਸ਼ ਵਿੱਚ ਮਿਲਦੇ ਹਨ ਅਤੇ ਹਰ 8ਵਾਂ ਵਿਅਕਤੀ ਮਾਨਸਿਕ ਬੀਮਾਰੀ ਤੋਂ ਪੀੜਤ ਹੈ।

ਉਹਨਾਂ ਦੱਸਿਆ ਕਿ ਮਾਨਸਿਕ ਰੋਗਾਂ ਦਾ ਮੁੱਖ ਕਾਰਣ ਮਾੜੀ ਸਿਹਤ, ਘਰਾਂ ਵਿੱਚ ਵੱਧ ਰਹੀਆਂ ਲੜਾਈਆਂ, ਨਸ਼ਾ, ਘੱਟ ਸੌਣਾ, ਮਾੜੀ ਸੰਗਤ ਆਦਿ ਹਨ। ਇਹ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਬਿਮਾਰੀ ਪੂਰਨ ਤੌਰ ਤੇ ਇਲਾਜਯੋਗ ਹੈ। ਮਾਨਸਿਕ ਰੋਗ ਮਾਨਸਿਕ ਤਨਾਓ ਹੋਣ ਤੇ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ, ਸਕੇ ਸਬੰਧੀਆਂ, ਅਧਿਆਪਿਕਾਂ, ਦੋਸਤਾਂ ਜਾਂ ਮਾਹਿਰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।  ਜੇਕਰ ਸਾਡੇ ਪਰਿਵਾਰ, ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਜਾਂ ਸਮਾਜ ਵਿੱਚ ਕਿਸੇ ਵੀ ਇਨਸਾਨ ਨੂੰ ਜਿਆਦਾ ਤਨਾਓ ਮਹਿਸੂਸ ਹੋਣ, ਮਾਨਸਿਕ ਰੋਗ ਹੋਣਾ, ਬਿਨਾ ਵਜ੍ਹਾ ਸ਼ੱਕੀ ਹੋਣਾ, ਡਰ ਲੱਗਣਾ ਜਾਂ ਕਿਸੇ ਕਿਸਮ ਦੇ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਹੋਣ ਤਾਂ ਉਹਨਾ ਨਾਲ ਹਮਦਰਦੀ ਭਰਿਆ ਵਤੀਰਾ ਕਰਨਾ ਚਾਹੀਦਾ ਹੈ।

ਮਾਨਸਿਕ ਰੋਗਾਂ ਦਾ ਇਲਾਜ ਵੀ ਸਰੀਰਕ ਰੋਗਾਂ ਵਾਂਗ 100 ਪ੍ਰਤੀਸ਼ਤ ਕੀਤਾ ਜਾ ਸਕਦਾ ਹੈ। ਸਾਨੂੰ ਕਿਸੇ ਵੀ ਨੀਮ ਹਕੀਮਾਂ, ਸਿਆਣਿਆ, ਜਾਦੂ ਟੂਣਿਆ, ਜੰਤਰਾਂ ਮੰਤਰਾਂ, ਪਖੰਡੀਆਂ ਬਾਬਿਆਂ, ਅੰਧ ਵਿਸ਼ਵਾਸ, ਭੂਤ ਪ੍ਰੇਤਾਂ ਦਾ ਡਰ ਪੈਦਾ ਕਰਨ ਵਾਲੇ ਲਾਲਚੀ ਲੋਕਾਂ ਤੋਂ ਬਚਣਾ ਚਾਹੀਦਾ ਹੈ। ਸਗੋਂ ਪ੍ਰਭਾਵਿਤ ਮਾਨਸਿਕ ਰੋਗੀ ਨੂੰ ਮਨੋਰੋਗ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡਿਪਰੈਸ਼ਨ (ਉਦਾਸੀ ਰੋਗ) ਨੂੰ ਛੁਪਾਉਣਾ ਨਹੀ ਚਾਹੀਦਾ। ਇਸ ਸਬੰਧੀ ਸਕੇ ਸਬੰਧੀਆਂ ਨਾਲ ਗੱਲਬਾਤ ਕਰਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।  ਉਦਾਸੀ ਰੋਗ ਕਾਰਣ ਇਨਸਾਨ ਵਿੱਚ ਆਤਮ ਹੱਤਿਆ ਦੇ ਵਿਚਾਰ, ਵਿਵਹਾਰ ਵਿੱਚ ਤਬਦੀਲੀ, ਚੁੱਪ ਰਹਿਣਾ, ਕੰਮ ਕਾਜ ਵਿੱਚ ਦਿਲਚਸਪੀ ਨਾ ਹੋਣਾ ਆਦਿ ਤੋਂ ਪ੍ਰਭਾਵਿਤ ਹੁੰਦੇ ਹਨ। ਸਾਨੂੰ ਆਪਣੇ ਬੱਚਿਆ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ। ਸੰਤੁਲਿਤ ਭੋਜਨ ਖਾਓ, ਯੋਗਾ ਅਤੇ ਮੈਡੀਟੇਸ਼ਨ ਕਰੋ, ਯਾਰਾਂ ਦੋਸਤਾਂ ਨਾਲ ਗੱਲਬਾਤ ਕਰੋ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੀ ਸੰਗਤ ਦਾ ਜਰੂਰ ਧਿਆਨ ਰੱਖੋ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫਤ ਉਪਲਬਧ ਹਨ।  

ਇਸ ਸਮੇਂ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਦਿਵੇਸ਼ ਕੁਮਾਰ ਬਲਾਕ ਐਕਸਟੈਂਸ਼ਨ ਐਜੂਕੇਟਰ, ਸੁਖਦੇਵ ਸਿੰਘ ਜਿਲ੍ਹਾ ਬੀਸੀਸੀ, ਕੌਂਸਲਰ ਅਤੇ ਹੋਰ ਸਟਾਫ਼ ਹਾਜ਼ਰ ਸਨ।

Leave a Reply

Your email address will not be published. Required fields are marked *