ਮਾਣਯੋਗ ਜਸਟਿਸ ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ), ਮਾਣਯੋਗ ਮੈਡਮ ਜਸਟਿਸ ਲਪਿਤਾ ਬੈਨਰਜੀ, ਪ੍ਰਬੰਧਕੀ ਜੱਜ ਅਤੇ ਸ੍ਰੀਮਤੀ ਨਵਜੋਤ ਕੌਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 06.02.2026 ਨੂੰ ਸ੍ਰੀ ਧਰਮਿੰਦਰ ਪਾਲ ਸਿੰਗਲਾ ਜੀ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਮੈਡਮ ਰੂਚੀ ਸਵਪਨ ਸ਼ਰਮਾ ਜੀ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਚਾਇਲਡ ਕੇਅਰ ਇੰਸਟੀਟਿਊਸ਼ਨ (ਉਦਭਵ ਆਵਾਸ), ਸਮਰੱਥ ਓਲਡ ਏਜ ਹੋਮ, ਡਿਗਨਿਟੀ ਓਲਡ ਏਜ ਹੋਮ ਅਤੇ ਮਾਤਰ ਛਾਇਆ ਅਨਾਥ ਆਸ਼ਰਮ, ਅਬੋਹਰ ਦਾ ਦੌਰਾ ਕੀਤਾ ਗਿਆ।

ਦੌਰੇ ਦੌਰਾਨ ਅਧਿਕਾਰੀਆਂ ਵੱਲੋਂ ਉਕਤ ਸਾਰੀਆਂ ਸੰਸਥਾਵਾਂ ਦੀ ਵਿਸਥਾਰਪੂਰਵਕ ਇੰਸਪੈਕਸ਼ਨ ਕੀਤੀ ਗਈ। ਇਸ ਦੌਰਾਨ ਉੱਥੇ ਰਹਿ ਰਹੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ, ਰਹਿਣ-ਸਹਿਣ, ਸਫਾਈ, ਭੋਜਨ ਦੀ ਗੁਣਵੱਤਾ, ਸੁਰੱਖਿਆ ਪ੍ਰਬੰਧ, ਦਿਨਚਰੀ, ਸਿੱਖਿਆ ਅਤੇ ਮਨੋਰੰਜਨ ਸੰਬੰਧੀ ਸਹੂਲਤਾਂ ਬਾਰੇ ਗਹਿਰਾਈ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਰੀਆਂ ਸੰਸਥਾਵਾਂ ਵਿੱਚ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਅਤੇ ਉੱਥੇ ਰਹਿ ਰਹੇ ਵਸਨੀਕਾਂ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਰਹੀ ਹੈ।
ਚਾਇਲਡ ਕੇਅਰ ਇੰਸਟੀਟਿਊਸ਼ਨ (ਉਦਭਵ ਆਵਾਸ) ਅਤੇ ਮਾਤਰ ਛਾਇਆ ਅਨਾਥ ਆਸ਼ਰਮ, ਅਬੋਹਰ ਵਿਖੇ ਬੱਚਿਆਂ ਦੀ ਪੜ੍ਹਾਈ, ਸਿਹਤ ਅਤੇ ਕੁੱਲ ਵਿਕਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਬੱਚਿਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਮਨ ਲਾ ਕੇ ਪੜ੍ਹਾਈ ਕਰਨ, ਅਨੁਸ਼ਾਸਨ ਵਿੱਚ ਰਹਿਣ, ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਸਮਰੱਥ ਅਤੇ ਡਿਗਨਿਟੀ ਓਲਡ ਏਜ ਹੋਮਾਂ ਵਿੱਚ ਮਾਣਯੋਗ ਅਧਿਕਾਰੀਆਂ ਵੱਲੋਂ ਬਜ਼ੁਰਗਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਜ਼ਰੂਰਤਾਂ, ਸਿਹਤ ਸੰਬੰਧੀ ਮੁਸ਼ਕਲਾਂ ਅਤੇ ਦਿਨਚਰੀ ਬਾਰੇ ਪੁੱਛਗਿੱਛ ਕੀਤੀ ਗਈ। ਬਜ਼ੁਰਗਾਂ ਨੂੰ ਸਕਾਰਾਤਮਕ ਸੋਚ, ਸਰਗਰਮ ਜੀਵਨ ਅਤੇ ਆਪਸੀ ਸਹਿਯੋਗ ਨਾਲ ਜੀਵਨ ਬਿਤਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਤੋਂ ਇਲਾਵਾ ਇਹਨਾਂ ਸੰਸਥਾਵਾਂ ਵਿਖੇ ਮਾਣਯੋਗ ਅਧਿਕਾਰੀਆਂ ਵੱਲੋਂ ਉੱਥੇ ਰਹਿ ਰਹੇ ਬੱਚਿਆਂ ਅਤੇ ਵਸਨੀਕਾਂ ਨੂੰ ਖਾਣ-ਪੀਣ ਦਾ ਸਮਾਨ ਵੀ ਵੰਡਿਆ ਗਿਆ। ਇਹਨਾਂ ਸੰਸਥਾਵਾਂ ਵਿਖੇ ਰਹਿ ਰਹੇ ਵਸਨੀਕਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਸਥਾ ਵੱਲੋਂ ਉਨ੍ਹਾਂ ਦੀ ਪੂਰੀ ਸੰਭਾਲ ਕੀਤੀ ਜਾ ਰਹੀ ਹੈ।
ਮਾਣਯੋਗ ਸੈਸ਼ਨ ਜੱਜ ਸਾਹਿਬ ਅਤੇ ਮਾਣਯੋਗ ਸਕੱਤਰ ਜੀ ਵੱਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਭਵਿੱਖ ਵਿੱਚ ਵੀ ਬੱਚਿਆਂ, ਬਜ਼ੁਰਗਾਂ ਅਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ।
ਅੰਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਕਿਸਮ ਦੀ ਮੁਫ਼ਤ ਕਾਨੂੰਨੀ ਸਲਾਹ ਜਾਂ ਸਹਾਇਤਾ ਲਈ ਟੋਲ-ਫ੍ਰੀ ਨੰਬਰ 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਟੈਲੀਫੋਨ ਨੰਬਰ 01638-261500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
