ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਇਟਲੀ, ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਪ੍ਰਮੁੱਖ ਡੇਰਿਆਂ ਵਿੱਚੋਂ ਇੱਕ ਅੰਮ੍ਰਿਤਸਰ ਦੇ ਰਾਧਾ ਸੁਆਮੀ ਬਿਆਸ ਡੇਰੇ ਦੇ ਨਵੇਂ ਮੁਖੀ ਅਤੇ ਸਾਬਕਾ ਮੁਖੀ ਨੇ ਇਟਲੀ ਵਿੱਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵ-ਨਿਯੁਕਤ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਦੀ ਇਹ ਮੁਲਾਕਾਤ ਇਟਲੀ ਦੇ ਵੈਟੀਕਨ ਸਿਟੀ ਵਿਖੇ ਹੋਈ।

ਜਿੱਥੇ ਪੋਪ ਫਰਾਂਸਿਸ ਨਾਲ ਦੋ ਘੰਟੇ ਤੋਂ ਵੱਧ ਸਮੇਂ ਤੱਕ ਗੱਲਬਾਤ ਚੱਲੀ। ਇਸ ਚਰਚਾ ਵਿੱਚ ਸਭ ਤੋਂ ਵੱਡਾ ਮੁੱਦਾ ਸੰਸਾਰ ਵਿੱਚ ਧਰਮ ਦੇ ਪ੍ਰਚਾਰ ਦਾ ਸੀ। ਤਿੰਨਾਂ ਅਧਿਆਤਮਕ ਆਗੂਆਂ ਨੇ ਵਿਸ਼ਵ ਸ਼ਾਂਤੀ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ। ਤਿੰਨਾਂ ਦੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਪੋਪ ਫਰਾਂਸਿਸ ਨਾਲ ਬੈਠੇ ਨਜ਼ਰ ਆ ਰਹੇ ਹਨ।

2 ਸਤੰਬਰ 2024 ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕਰਕੇ ਡੇਰੇ ਨਾਲ ਸਬੰਧਤ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਸੀ। ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਰਾਧਾ ਸੁਆਮੀ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ।

ਡੇਰਾ ਬਿਆਸ ਨਾ ਸਿਰਫ਼ ਆਮ ਲੋਕਾਂ ਵਿੱਚ ਹਰਮਨ ਪਿਆਰਾ ਹੈ ਸਗੋਂ ਸਿਆਸਤਦਾਨਾਂ ਵਿੱਚ ਵੀ ਇਸ ਦੀ ਵਿਸ਼ੇਸ਼ ਖਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਹੁਲ ਗਾਂਧੀ ਸਮੇਤ ਕਈ ਵੱਡੇ ਆਗੂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਆ ਰਹੇ ਹਨ। ਭਾਵੇਂ ਸਿਆਸੀ ਹਲਕਿਆਂ ਵਿੱਚ ਇਨ੍ਹਾਂ ਮੀਟਿੰਗਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਡੇਰਾ ਬਿਆਸ ਦੀ ਲੋਕਪ੍ਰਿਅਤਾ ਅਤੇ ਸਤਿਕਾਰ ਵੀ ਇਸ ਦਾ ਇੱਕ ਕਾਰਨ ਹੈ।

Leave a Reply

Your email address will not be published. Required fields are marked *