ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਜਿਲ੍ਹੇ ਵਿੱਚ ਬਣੇ ਵੱਖ-ਵੱਖ ਰਾਹਤ ਕੈਂਪਾਂ ਦਾ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਯਕੀਨੀ ਬਣਾਇਆ ਕਿ ਲੋੜਵੰਦ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਦੀ ਰਹੇ। ਉਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅੱਠ ਰਾਹਤ ਕੈਂਪ ਬਣਾਏ ਗਏ ਹਨ, ਜਿੱਥੇ ਆਉਣ ਵਾਲੇ ਲੋਕਾਂ ਨੂੰ ਰਸ਼ਦ, ਲੰਗਰ ਅਤੇ ਉਹਨਾਂ ਦੇ ਜਾਨਵਰਾਂ ਲਈ ਚਾਰਾ ਅਤੇ ਫੀਡ ਮੁਹਈਆ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਡੀਕਲ ਟੀਮਾਂ ਵੀ ਲਗਾਤਾਰ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਮੱਛਰ ਮਾਰ ਦਵਾਈ ਦਾ ਸਪਰੇ ਵੀ ਰਾਹਤ ਕੈਂਪਾਂ ਵਿੱਚ ਕਰਵਾਇਆ ਗਿਆ ਹੈ। ਖਬਰ ਲਿਖੇ ਜਾਣ ਤੱਕ ਉਨ੍ਹਾਂ ਢਾਣੀ ਮੋਹਨਾ ਰਾਮ, ਨੂਰ ਸਮੰਦ ਰਾਹਤ ਕੈਂਪ ਦਾ ਦੌਰਾ ਕੀਤਾ ਤੇ ਦੌਰਾ ਅਜੇ ਵੀ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤਲੁਜ ਵਿੱਚ ਪਾਣੀ ਦਾ ਬਹਾਅ ਕੱਲ ਅਨੁਸਾਰ ਸਥਿਰ ਹੈ ਅਤੇ ਇਸ ਸਮੇਂ 2 ਲੱਖ 62 ਹਜਾਰ ਕਿਊਸਿਕ ਪਾਣੀ ਹੁਸੈਨੀਵਾਲਾ ਤੋਂ ਛੱਡਿਆ ਜਾ ਰਿਹਾ ਹੈ। ਹਾਲਾਂਕਿ ਹਰੀਕੇ ਹੈਡਵਰਕ ਤੋਂ ਨਿਕਾਸੀ ਵਿੱਚ 4 ਹਜਾਰ ਕਿਓਸਿਕ ਦੀ ਕਮੀ ਆਈ ਹੈ । ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਮੁਹਾਜ ਤੇ ਕੰਮ ਕਰ ਰਿਹਾ ਹੈ। ਉਹਨਾਂ ਨੇ ਆਖਿਆ ਕਿ ਪ੍ਰਭਾਵਿਤ ਪਿੰਡਾਂ ਵਿੱਚ ਪੀਣ ਦਾ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਜਿੰਨਾ ਖੇਤਰਾਂ ਵਿੱਚ ਪਾਣੀ ਦੀ ਘਾਟ ਹੈ ਉੱਥੇ ਕੈਨੀਆ ਨਾਲ ਪਾਣੀ ਪਹੁੰਚਾਇਆ ਜਾ ਰਿਹਾ ਹੈ , ਜਦਕਿ ਜਿਆਦਾਤਰ ਪਿੰਡਾਂ ਵਿੱਚ ਆਰਓ ਸਿਸਟਮ ਕਾਰਜਸ਼ੀਲ ਹਨ। ਇਸ ਤੋਂ ਬਿਨਾਂ ਹਰ ਪ੍ਰਕਾਰ ਦੀ ਰਾਹਤ ਸਮਗਰੀ ਘਰ ਘਰ ਪਹੁੰਚਾਈ ਜਾ ਰਹੀ ਹੈ ਅਤੇ ਜਿਲਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਕਾਰਜਸ਼ੀਲ ਹਨ। ਉਹਨਾਂ ਨੇ ਦੱਸਿਆ ਕਿ ਮੈਡੀਕਲ ਟੀਮਾਂ ਵੱਲੋਂ ਅੱਜ ਇੱਕ ਮਰੀਜ਼ ਨੂੰ ਡਾਇਲਸਿਸ ਲਈ ਬੇੜੀ ਰਾਹੀਂ ਲਿਆਂਦਾ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਬਿਨਾਂ ਵੀ ਵੱਖ-ਵੱਖ ਟੀਮਾਂ ਨੇ ਅੱਜ ਸੈਂਕੜੇ ਲੋਕਾਂ ਨੂੰ ਬੇੜੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਸੁਰੱਖਿਤ ਬਾਹਰ ਕੱਢਿਆ। ਇਸ ਮੌਕੇ ਉਨਾਂ ਦੇ ਨਾਲ ਐਸਡੀਐਮ ਵੀਰਪਾਲ ਕੌਰ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਨੀਵੇਂ ਥਾਵਾਂ ਵਿੱਚ ਜਾਣ ਤੋਂ ਗੁਰੇਜ਼ ਕਰਨ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੋਵੇ ਜਾਂ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਜਿਲ੍ਹਾ ਪੱਧਰੀ ਹੜ ਕੰਟਰੋਲ ਰੂਮ ਦੇ ਨੰਬਰ 01638-262 153 ਤੇ ਸੰਪਰਕ ਕੀਤਾ ਜਾ ਸਕਦਾ।
