ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਵੱਲੋਂ ਫਾਜ਼ਿਲਕਾ ਦੇ ਪਿੰਡ ਸਜਰਾਣਾ, ਟਾਹਲੀਵਾਲਾ, ਸਿੰਘਪੁਰਾ, ਸਾਬੂਆਣਾ, ਸ਼ਤੀਰਵਾਲਾ ਅਤੇ ਲੱਖੇ ਵਾਲੀ ਢਾਬ ਦਾ ਦੌਰਾ ਕਰਕੇ ਮੀਂਹ ਨਾਲ ਹੋਏ ਫਸਲਾਂ ਦੇ ਖਰਾਬੇ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ ਵੀਰਪਾਲ ਕੌਰ ਅਤੇ ਐਕਸੀਅਨ ਡਰੇਨੇਜ਼ ਵਿਭਾਗ ਫਾਜ਼ਿਲਕਾ ਗੁਰਵੀਰ ਸਿੰਘ ਸਿੱਧੂ ਅਤੇ ਕਾਰਜਕਾਰੀ ਇੰਜੀ. ਬਿਜਲੀ ਬੋਰਡ ਰਜਿੰਦਰ ਕੁਮਾਰ ਵੀ ਮੌਜੂਦ ਸਨ।

ਮੀਂਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੌਜੂਦਾ ਹਾਲਾਤਾਂ ਬਾਰੇ ਜਾਣਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਬਿਜਲੀ ਬੋਰਡ ਵਿਭਾਗ ਨੂੰ ਕਿਹਾ ਕਿ ਕਿਸਾਨਾਂ ਦੀ ਮਦਦ ਦਿੱਤੀ ਜਾਵੇ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਕਾਰੀਆਂ ਨੂੰ ਕਿਹਾ ਕਿ ਡਰੇਨਾਂ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਕਲਾਲੀ ਵਗੈਰਾ ਕੱਢੀ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਵਿੱਚ ਕੋਈ ਰੋਕ ਨਾ ਆ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸੇਮਨਾਲੇ ਵਿੱਚ ਜੋ ਵੀ ਆਰਜੀ ਪਾਣੀ ਦੀਆਂ ਪੁਲੀਆ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ।

ਅਬੁਲ ਖੁਰਾਣਾ ਡਰੇਨ ਅਬੋਹਰ ਜਿਸ ਨਾਲ ਸਾਬੂਆਣਾ ਪਿੰਡ ਦੇ ਖੇਤ ਪਾਣੀ ਦੀ ਮਾਰ ਹੇਠ ਆਏ ਹਨ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰੇਨਾਂ ਦੀ ਸਾਫ ਸਫਾਈ ਤੇ ਕੰਢਿਆ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਪਿੰਡਾਂ ਦਾ ਨੁਕਸਾਨ ਨਾ ਕਰ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪ੍ਰਸ਼ਾਸਨ ਤੁਹਾਡੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਤਾਂ ਹੀ ਤੁਹਾਡੇ ਵਿੱਚ ਪਹੁੰਚ ਕੇ ਤੁਹਾਡੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਕਿ ਤੁਹਾਡੀਆਂ ਮੁਸ਼ਕਲਾਂ ਬਾਰੇ ਪਤਾ ਚੱਲ ਸਕੇ ਤੇ ਮੁਸ਼ਕਲ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੁਦਰਤੀ ਕਰੋਪੀ ਹੈ ਤੇ ਪ੍ਰਸ਼ਾਸਨ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਸਿਰਤੋੜ ਯਤਨ ਕਰ ਰਿਹਾ ਹੈ।

ਇਸ ਮੌਕੇ ਐੱਸਡੀਓ ਡਰੇਨੇਜ਼ ਵਿਭਾਗ ਜਗਦੀਪ ਸਿੰਘ ਅਤੇ ਜੇਈ ਡਰੇਨੇਜ਼ ਵਿਭਾਗ ਸੋਨੂੰ ਵਰਮਾ ਅਤੇ ਐੱਸਡੀਓ ਬਿਜਲੀ ਬੋਰਡ ਮਨੋਹਰ ਲਾਲ ਵੀ ਹਾਜ਼ਰ ਸਨ।
