ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਗਰਿਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਡਰੇਨਾਂ ਤੇ ਚੋਆਂ ਵਿੱਚ ਪਾਣੀ ਦਾ ਪੱਧਰ ਚੱਲ ਰਿਹੈ ਕਾਫ਼ੀ ਨੀਵਾਂ
ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ, ਹਰ ਸਥਿਤੀ ‘ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ
ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
ਫਤਹਿਗੜ੍ਹ ਸਾਹਿਬ, 27 ਅਗਸਤ:
ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅਹਿਤਿਆਤੀ ਤੌਰ ‘ਤੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿੱਚੋਂ ਲੰਘਦੀਆਂ ਚੋਅ ਤੇ ਬਰਸਾਤੀ ਡਰੇਨਾਂ ਉੁਤੇ ਚੌਕਸੀ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਚੋਅ, ਨਹਿਰਾਂ ਤੇ ਬਰਸਾਤੀ ਡਰੇਨਾਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਚੱਲ ਰਿਹਾ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਪਾਣੀ ਸਬੰਧੀ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਤੋਂ ਹੀ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਜਿ਼ਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ 24 ਘੰਟੇ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜਿਸ ਦਾ ਸੰਪਰਕ ਨੰਬਰ 01763232838 ਹੈ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀਆਂ ਹਦਾਇਤਾਂ ਉਤੇ ਉਪ ਮੰਡਲ ਮੈਜਿਸਟਰੇਟ ਅਰਵਿੰਦ ਕੁਮਾਰ ਗੁਪਤਾ ਨੇ ਸਰਹਿੰਦ ਚੋਅ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦਾ ਵਹਾਓ ਠੀਕ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਤੇ ਜਿ਼ਲ੍ਹਾ ਮਾਲ ਅਫ਼ਸਰ ਕਰੁਣ ਗੁਪਤਾ ਨੇ ਸਰਹਿੰਦ ਚੋਅ ਤੇ ਪਟਿਆਲਾ ਕੀ ਰਾਓ ਵਿਖੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨੇੜੇ ਵਸੇ ਇਲਾਕਿਆਂ ਜਿਵੇਂ ਬਰਾਸ, ਚੌਂਟੀ ਖੇੜੀ, ਪਤਾਰਸੀ ਕਲਾਂ, ਸ਼ੇਖੂਪੁਰਾ, ਫਤਹਿਗੜ੍ਹ ਸਾਹਿਬ ਆਦਿ ਦਾ ਜਾਇਜ਼ਾ ਲਿਆ।ਅਧਿਕਾਰੀਆਂ ਨੇ ਨਿਰੀਖਣ ਮਗਰੋਂ ਦੱਸਿਆ ਕਿ ਹਾਲ ਦੀ ਘੜੀ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਸਾਵਧਾਨੀ ਵਜੋਂ ਹਰ ਡਰੇਨ ਅਤੇ ਚੋਅ ਦੀ ਸਥਿਤੀ ਉਤੇ ਪਲ ਪਲ ਨਜ਼ਰ ਰੱਖੀ ਜਾ ਰਹੀ ਹੈ।

