ਫਾਜ਼ਿਲਕਾ 12 ਸਤੰਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਜ਼ਿਲ੍ਹੇ ਦੇ ਕੰਬਾਈਨ ਮਾਲਕਾਂ ਨਾਲ ਬੈਠਕ ਕੀਤੀ। ਉਨਾਂ ਨੇ ਕੰਬਾਈਨ ਮਾਲਕਾਂ ਨੂੰ ਅਪੀਲ ਕੀਤੀ ਕਿ ਝੋਨਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਕਟਾਈ ਕੀਤੀ ਜਾਵੇ। ਇਸੇ ਤਰ੍ਹਾਂ ਉਹਨਾਂ ਕਿਹਾ ਕਿ ਝੋਨੇ ਦੀ ਕਟਾਈ ਦਿਨ ਵੇਲੇ ਕੀਤੀ ਜਾਵੇ ਅਤੇ ਰਾਤ ਸਮੇਂ ਜਾਂ ਸਵੇਰੇ ਜਲਦੀ ਜਾਂ ਦੇਰ ਸ਼ਾਮ ਤੱਕ ਕਟਾਈ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਨਾਲ ਝੋਨੇ ਦੇ ਮੰਡੀਕਰਨ ਵਿੱਚ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਝੋਨੇ ਵਿੱਚ ਨਮੀ ਦੀ ਮਾਤਰਾ ਉਚਿਤ ਹੋਣ ਤੇ ਹੀ ਫਸਲ ਦੀ ਕਟਾਈ ਕਰਨ ਲਈ ਕੰਬਾਈਨ ਮਾਲਕ ਅੱਗੇ ਆਉਣ। ਨਾਲ ਹੀ ਉਹਨਾਂ ਨੇ ਕੰਬਾਈਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਮੌਕੇ ਸੁਪਰ ਐਸ ਐਮਐਸ ਜਰੂਰ ਲਗਾਉਣ ਤਾਂ ਜੋ ਝੋਨੇ ਦੀ ਪਰਾਲੀ ਪ੍ਰਬੰਧਨ ਵਿੱਚ ਕਿਸਾਨਾਂ ਨੂੰ ਸੌਖ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਪੂਰੀ ਤਰਾਂ ਪੱਕਣ ਤੇ ਹੀ ਕੀਤੀ ਜਾਵੇ ਅਤੇ ਕੱਚੀ ਫਸਲ ਦੀ ਕਟਾਈ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਜਿਆਦਾ ਨਮੀ ਵਾਲਾ ਝੋਨਾ ਮੰਡੀ ਵਿਚ ਆਉਂਦਾ ਹੈ ਤਾਂ ਇਸ ਨਾਲ ਫਸਲ ਦੇ ਮੰਡੀਕਰਨ ਵਿਚ ਦਿੱਕਤ ਆਉਂਦੀ ਹੈ।
ਬੈਠਕ ਵਿੱਚ ਐਸਡੀਐਮ ਕੰਵਰਜੀਤ ਸਿੰਘ ਮਾਨ ਅਤੇ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਮੁੱਖ ਖੇਤੀਬਾੜੀ ਅਫਸਰ ਰਜਿੰਦਰ ਕੁਮਾਰ ਕੰਬੋਜ, ਖੇਤੀਬਾੜੀ ਅਫਸਰ ਮਮਤਾ ਲੂਣਾ ਵੀ ਹਾਜ਼ਰ ਸਨ।


