ਡਿਪਟੀ ਕਮਿਸ਼ਨਰ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਜਵਾਨਾਂ ਨੂੰ ਰਾਖੀਆਂ ਬੰਨ੍ਹ ਮਨਾਇਆ ਰੱਖੜੀ ਦਾ ਤਿਉਹਾਰ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ  ਅਮਰਪ੍ਰੀਤ ਕੌਰ ਸੰਧੂ ਨੇ ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਸਾਦਕੀ ਚੌਂਕੀ ‘ਤੇ ਪਹੁੰਚ ਕੇ ਭਾਰਤ-ਪਾਕਿਸਤਾਨ ਸਰਹੱਦ ਦੀ ਰਾਖੀ ਕਰ ਰਹੇ ਬਾਰਡਰ ਸਿਕਿਊਰਟੀ ਫੋਰਸ (BSF) ਦੇ ਬਹਾਦਰ ਜਵਾਨਾਂ ਨੂੰ ਆਪਣੇ ਹੱਥੀਂ ਰਾਖੀਆਂ ਬੰਨ੍ਹੀਆਂ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਵੀਰਪਾਲ ਕੌਰ ਵੀ ਮੌਜੂਦ ਸਨ।


ਰਾਖੀ ਬੰਨ੍ਹਦੇ ਹੋਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਵਾਨਾਂ ਨੂੰ ਕਿਹਾ ਕਿ ਦੇਸ਼ ਦੀਆਂ ਭੈਣਾਂ ਅਤੇ ਭਰਾਵਾਂ ਦੀ ਸੁਰੱਖਿਆ ਲਈ ਉਹਨਾਂ ਦੇ ਯੋਗਦਾਨ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ। ਉਨ੍ਹਾਂ ਕਿਹਾ ਕਿ, “ਰੱਖੜੀ ਸਿਰਫ਼ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਨਹੀਂ, ਸਗੋਂ ਭਰੋਸੇ, ਸਮਰਪਣ ਅਤੇ ਰਾਖੀ ਦੇ ਵਾਅਦੇ ਦਾ ਪ੍ਰਤੀਕ ਹੈ। ਅੱਜ ਮੈਂ ਆਪਣੇ ਇਨ੍ਹਾਂ ਸੂਰਵੀਰ ਭਰਾਵਾਂ ਦੀ ਕਲਾਈ ‘ਤੇ ਰਾਖੀ ਬੰਨ੍ਹ ਕੇ ਇਹ ਅਰਦਾਸ ਕਰਦੀ ਹਾਂ ਕਿ ਉਹ ਸਦਾ ਸੁਰੱਖਿਅਤ ਰਹਿਣ ਅਤੇ ਦੇਸ਼ ਦੀ ਰਾਖੀ ‘ਚ ਸਦਾ ਅਗੇ ਰਹਿਣ।”


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦ ‘ਤੇ ਤੈਨਾਤ ਇਹ ਸੂਰਮੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਰਾਸ਼ਟਰ ਦੀ ਰਾਖੀ ਕਰਦੇ ਹਨ, ਜਿਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਪ੍ਰਤੀ ਆਪਣਾ ਧੰਨਵਾਦ ਤੇ ਸਤਿਕਾਰ ਪ੍ਰਗਟ ਕਰੀਏ। ਉਨ੍ਹਾਂ ਨੇ ਕਿਹਾ ਕਿ ਰਾਖੀ ਦਾ ਅਸਲੀ ਮਤਲਬ ਹੈ ਇਕ-ਦੂਜੇ ਦੀ ਰਾਖੀ ਦਾ ਵਚਨ ਨਿਭਾਉਣਾ, ਅਤੇ ਬੀਐਸਐਫ ਦੇ ਜਵਾਨ ਇਸ ਵਚਨ ਨੂੰ ਆਪਣੀ ਜਾਨ ਜੋਖਮ ‘ਚ ਪਾ ਕੇ ਹਰ ਰੋਜ਼ ਸੱਚ ਕਰਦੇ ਹਨ।
ਐਸਡੀਐਮ ਵੀਰਪਾਲ ਕੌਰ ਨੇ ਵੀ ਜਵਾਨਾਂ ਨਾਲ ਮਿਲ ਕੇ ਰਾਖੀ ਦੇ ਸੁਨੇਹੇ ਸਾਂਝੇ ਕੀਤੇ ਅਤੇ ਕਿਹਾ ਕਿ ਉਹਨਾਂ ਦੀਆਂ ਕੁਰਬਾਨੀਆਂ ਅਤੇ ਸਮਰਪਣ ਹਮੇਸ਼ਾਂ ਯਾਦ ਰਹੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੀਐਸਐਫ ਦੇ ਜਵਾਨਾਂ ਨੂੰ ਮਿਠਿਆਈ ਵੀ ਭੇਟ ਕੀਤੀ।


ਇਸ ਮੌਕੇ ਬੀਐਸਐਫ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਜਸਬਾਤੀ ਪਲ ਉਹਨਾਂ ਨੂੰ ਆਪਣੇ ਪਰਿਵਾਰ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦੇ ਅਤੇ ਮਨੋਬਲ ਵਧਾਉਂਦੇ ਹਨ।


ਇਸ ਮੌਕੇ ਬੀਐਸਐਫ ਦੇ ਸੀਨੀਅਰ ਅਧਿਕਾਰੀ ਸ੍ਰੀ ਅਜੇ ਕੁਮਾਰ ਸ਼੍ਰੀ ਰਾਮ ਅਤੇ  ਵਿਨੋਦ ਕੁਮਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *