ਡੀ ਸੀ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ

ਫਾਜ਼ਿਲਕਾ, 9 ਸਤੰਬਰ

ਇਸ ਵਾਰ ਝੋਨੇ ਦੇ ਖ਼ਰੀਦ  ਸੀਜਨ 2025-26 ਦੌਰਾਨ ਜਿਲ੍ਹੇ ਦੇ ਵਿੱਚ 63 ਖਰੀਦ ਕੇਂਦਰਾਂ ਸਥਾਪਿਤ ਕੀਤੇ ਗਏ ਹਨ  ਤੇ ਖਰੀਦ ਲਈ ਮੰਡੀ ਬੋਰਡ ਤੇ ਖਰੀਦ ਏਜੰਸੀਆਂ ਨੂੰ ਸੀਜਨ ਤੋ ਪਹਿਲਾਂ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।ਇਹ  ਜਾਣਕਾਰੀ ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਸਾਂਝੀ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ, ਜਿੰਨਾਂ ਵਿੱਚ ਮੁੱਖ ਤੌਰ ਤੇ ਅਨਾਜ ਵਿੱਚ ਜਿਆਦਾ ਨਮੀ ਦੀ ਮਾਤਰਾ ਦਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਝੋਨੇ  ਵਿੱਚ ਨਮੀ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ  ਭਾਰੀ ਸਮੱਸਿਆ ਪੈਦਾ ਹੁੰਦੀ ਹੈ ਕਿਉਂਕਿ ਵੱਧ  ਨਮੀ ਵਾਲੇ ਝੋਨੇ ਨੂੰ ਸੁਕਾਉਣ ਲਈ ਮੰਡੀਆਂ ਵਿੱਚ ਜ਼ਿਆਦਾ ਜਗ੍ਹਾ ਦੀ ਲੋੜ ਪੈਂਦੀ ਹੈ। ਜਿਸ ਕਾਰਨ ਹੋਰ ਝੋਨਾ ਲਾਉਣ ਦੀ ਜਗ੍ਹਾ ਨਹੀਂ ਰਹਿੰਦੀ ਹੈ ਅਤੇ ਮੰਡੀ ਵਿੱਚ ਗਲੱਟ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਟਰੱਕਾਂ ਅਤੇ ਟਰਾਲੀਆਂ ਦੇ ਆਉਣ ਜਾਣ ਲਈ ਵੀ ਜਗ੍ਹਾਂ ਦੀ ਦਿੱਕਤ ਆ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੇ ਸੀਜ਼ਨ ਦੌਰਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਖਰੀਦ ਸਬੰਧੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਲਈ ਰਾਤ ਨੂੰ ਹੈਰਵੈਸਟ ਕੰਬਾਈਨ ਦੀ ਵਰਤੋਂ ਨਾ ਕਰਨ ਤਾਂ ਜੋ ਖਰੀਦ ਵੇਲੇ ਵੱਧ ਨਮੀ ਕਾਰਨ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਦਿਨ ਵੇਲੇ ਹੀ ਕਰਨ ਤਾਂ ਜੋ ਨਮੀ ਦੀ ਮਾਤਰਾ ਵੱਧ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਦੇ ਸਪੀਕਰ ਰਾਹੀਂ ਵੀ ਕਿਸਾਨਾਂ ਨੂੰ ਸੁੱਕੇ ਝੋਨੇ ਦੀ ਮਹੱਤਤਾ ਬਾਰੇ ਦੱਸਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਫ਼ਸਲ ਦਾ ਸਹੀ ਮੁੱਲ ਮਿਲੇ ਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇ।
ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਵੀ ਉਨ੍ਹਾਂ ਦੇ ਨਾਲ ਹਾਜ਼ਰ  ਸਨ।

Leave a Reply

Your email address will not be published. Required fields are marked *