ਮਾਣਯੋਗ ਜਸਟਿਸ ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਸ੍ਰੀਮਤੀ ਨਵਜੋਤ ਕੌਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਹੇਠ, ਅੱਜ ਮਿਤੀ 26.11.2025 ਨੂੰ ਜੁਡੀਸ਼ਲ ਕੋਰਟ ਕੰਪਲੈਕਸ ਫਾਜ਼ਿਲਕਾ ਵਿੱਚ ਸੰਵਿਧਾਨ ਦਿਵਸ ਸ਼ਾਨ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਫਾਜ਼ਿਲਕਾ ਕੋਰਟ ਕੰਪਲੈਕਸ ਦੇ ਸਾਰੇ ਜੱਜ ਸਾਹਿਬਾਨ, ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਮੈਂਬਰ, ਮਾਣਯੋਗ ਐਸ.ਐਸ.ਪੀ. ਫਾਜ਼ਿਲਕਾ, ਜੁਡੀਸ਼ਲ ਕੋਰਟ ਕੰਪਲੈਕਸ ਦੇ ਸਟਾਫ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (DLSA) ਫਾਜ਼ਿਲਕਾ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਰਹੇ।
ਇਹ ਸਮਾਗਮ ਸ਼੍ਰੀ ਧਰਮਿੰਦਰ ਪਾਲ ਸਿੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਅਗਵਾਈ ਹੇਠ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।

ਇਸ ਮੌਕੇ ਤੇ ਮਾਣਯੋਗ ਸੈਸ਼ਨ ਜੱਜ ਸਾਹਿਬ, ਫਾਜ਼ਿਲਕਾ ਵੱਲੋਂ , ਫਾਜ਼ਿਲਕਾ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਉਪਰ ਰਾਸ਼ਟਰੀ ਝੰਡਾ ਫਹਿਰਾਇਆ ਗਿਆ ਅਤੇ ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਫਾਜ਼ਿਲਕਾ ਦੇ ਬੱਚਿਆਂ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ, ਜਿਸ ਨਾਲ ਸਮਾਗਮ ਦੀ ਸ਼ੁਰੂਆਤ ਗੌਰਵ ਅਤੇ ਦੇਸ਼ਭਕਤੀ ਨਾਲ ਭਰਪੂਰ ਹੋ ਗਈ। ਇਸ ਦੇ ਤਤਕਾਲ ਬਾਅਦ ਤਿਰੰਗੇ ਰੰਗਾਂ ਦੇ ਗੁਬਾਰੇ ਆਕਾਸ਼ ਵਿੱਚ ਛੱਡੇ ਗਏ, ਜਿਸ ਨਾਲ ਪੂਰਾ ਪ੍ਰੰਗਣ ਰਾਸ਼ਟਰੀ ਰੰਗਾਂ ਨਾਲ ਰੰਗਿਆ ਨਜ਼ਰ ਆਇਆ।
ਮਾਣਯੋਗ ਸ਼੍ਰੀ ਧਰਮਿੰਦਰ ਪਾਲ ਸਿੰਗਲਾ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੰਵਿਧਾਨ ਦਿਵਸ ਸਾਨੂੰ ਆਪਣੇ ਮੌਲਿਕ ਅਧਿਕਾਰਾਂ ਅਤੇ ਕਰਤੱਬਾਂ ਦੀ ਮਹੱਤਤਾ ਨਾਲ ਜਾਣੂ ਕਰਾਉਂਦਾ ਹੈ ਅਤੇ ਹਰ ਨਾਗਰਿਕ ਨੂੰ ਨਿਆਂ ਦੀ ਪਾਲਣਾ ਅਤੇ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਬਾਰੇ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੁੱਖ ਉਦੇਸ਼ ਹਰ ਵਰਗ ਦੇ ਵਿਅਕਤੀ ਤੱਕ ਸਸਤੀ, ਤੇਜ਼ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਸਹਾਇਤਾ ਪਹੁੰਚਾਉਣਾ ਹੈ।

ਸਮਾਗਮ ਦੌਰਾਨ ਸੰਵਿਧਾਨ ਦੀ ਮਹੱਤਤਾ, ਕਾਨੂੰਨੀ ਸਾਵਧਾਨੀ ਅਤੇ ਨਿਆਇਕ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਾਰੇ ਹਾਜ਼ਰ ਅਧਿਕਾਰੀਆਂ, ਕਰਮਚਾਰੀਆਂ ਅਤੇ ਮਹਿਮਾਨਾਂ ਨੇ ਸੰਵਿਧਾਨ ਦੀ ਪ੍ਰੀਐਂਬਲ ਦਾ ਸਮੂਹਕ ਪਾਠ ਕਰਕੇ ਰਾਸ਼ਟਰ ਪ੍ਰਤੀ ਆਪਣੀ ਨਿਸ਼ਠਾ ਦੁਹਰਾਈ।
ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਜਾਂ ਜਾਣਕਾਰੀ ਲਈ ਟੋਲ-ਫਰੀ ਨੰਬਰ 15100 ਜਾਂ ਡੀ.ਐਲ.ਐਸ.ਏ. ਫਾਜ਼ਿਲਕਾ ਦੇ ਦਫ਼ਤਰ ਨੰਬਰ 01638-261500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
