ਫਾਜ਼ਿਲਕਾ 18 ਦਸੰਬਰ
ਨਸ਼ਿਆਂ ਦੇ ਖਾਤਮੇ ਲਈ ਭਾਰਤੀ ਰੈੱਡ ਕਰਾਸ ਸੁਸਾਇਟੀ ਅਤੇ ਕਰਨ ਗਿਲਹੋਤਰਾ ਫਾਉਂਡੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ. ਗੁਲਾਬ ਚੰਦ ਕਟਾਰੀਆ ਨੇ ਆਨਲਾਈਨ ਸ਼ਿਰਕਤ ਕੀਤੀ ਅਤੇ ਸਮਾਗਮ ਵਿੱਚ ਸ਼ਾਮਲ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਮੁਹਿੰਮ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸ. ਸ਼ਿਵਦੁਲਾਰ ਸਿੰਘ ਢਿੱਲੋ (ਆਈਐਸ ਸੇਵਾਮੁਕਤ) ਸਕੱਤਰ ਰੈੱਡ ਕਰਾਸ ਸੋਸਾਇਟੀ, ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਤੋਂ ਸ੍ਰੀ ਕਰਨ ਗਿਲਹੋਤਰਾ ਨੇ ਮਾਣਯੋਗ ਰਾਜਪਾਲ ਜੀ ਵੱਲੋਂ ਫਾਜ਼ਿਲਕਾ ਵਾਸੀਆਂ ਨੂੰ ਨਸ਼ਿਆਂ ਖਿਲਾਫ ਸੰਬੋਧਨ ਕਰਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮੌਸਮ ਦੀ ਖਰਾਬੀ ਅਤੇ ਕੁਝ ਤਕਨੀਕੀ ਕਾਰਨਾਂ ਕਰਕੇ ਹੈਲੀਕਾਪਟਰ ਦੀ ਉਡਾਨ ਨਾ ਹੋਣ ਕਰਕੇ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ ਇਸ ਲਈ ਉਹ ਆਨਲਾਈਨ ਸਮਾਗਮ ਵਿੱਚ ਸਾਮਲ ਹੋ ਰਹੇ ਹਨ ਅਤੇ ਉਨ੍ਹਾਂ ਨੇ ਅਗਲੇ ਮਹੀਨਿਆਂ ਦੌਰਾਨ ਦੁਬਾਰਾ ਫਾਜ਼ਿਲਕਾ ਦਾ ਦੌਰਾ ਕਰਨ ਦੀ ਇੱਛਾ ਜਤਾਈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ, ਜਿਸ ਨੇ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਂਦਿਆਂ ਉਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਆਪਣੇ ਦੇਸ਼ ਨੂੰ ਬਚਾਈਏ!
ਉਨ੍ਹਾਂ ਨੇ ਕਿਹਾ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦਾ ਸਮੂਹਿਕ ਸਹਿਯੋਗ ਜ਼ਰੂਰੀ ਹੈ ਤਾਂ ਹੀ ਇਸ ਨਸਿਆਂ ਵਰਗੀ ਭੈੜੀ ਅਲਾਮਤ ਨਾਲ ਨਜਿੱਠਿਆ ਜਾ ਸਕਦਾ ਹੈ! ਉਨ੍ਹਾਂ ਕਿਹਾ ਕਿ ਆਓ ਅਸੀਂ ਆਪਣੇ ਮਹਾਨ ਦੇਸ਼ ਭਗਤਾਂ ਵੱਲੋਂ ਲਏ ਗਏ ਸੁਪਨੇ ਨੂੰ ਪੂਰਾ ਕਰੀਏ ਤੇ ਆਪਣੇ ਦੇਸ਼ ਨੂੰ ਨਸ਼ਾ ਮੁਕਤ ਤੇ ਰੰਗਲਾ ਬਣਾਈਏ! ! ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਨਸ਼ਿਆਂ ਖਿਲਾਫ ਸ਼ਾਨਦਾਰ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।
ਇਸ ਤੋਂ ਬਾਅਦ ਸੰਜੀਵ ਪੈਲੇਸ ਫਾਜ਼ਿਲਕਾ ਤੋਂ ਘੰਟਾ ਘਰ ਚੌਂਕ ਤੱਕ ਨਸ਼ਿਆਂ ਖਿਲਾਫ ਪੈਦਲ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਤੇ ਸਮਾਜ ਸੇਵੀ ਕਰਨ ਗਿਲਹੋਤਰਾ ਵੱਲੋਂ ਕੀਤੀ ਗਈ। ਇਸ ਪੈਦਲ ਯਾਤਰਾ ਦੌਰਾਨ ਉਹਨਾਂ ਧਾਰਮਿਕ ਸਥਾਨਾਂ ਤੇ ਪਹੁੰਚ ਕੇ ਮੱਥਾ ਟੇਕਿਆ ਤੇ ਗਊਸ਼ਾਲਾ ਵਿਖੇ ਗਊਮਾਤਾ ਦਾ ਵੀ ਆਸ਼ੀਰਵਾਦ ਲਿਆ! ਇਸ ਦੌਰਾਨ ਸਮਾਜ ਸੇਵੀ ਕਰਨ ਗਿਲਹੋਤਰਾ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਵਿੱਚ ਹਰ ਇੱਕ ਵਰਗ ਨੂੰ ਆਪਣਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸ਼ਹੀਦੀ ਸਮਾਰਕ ਆਸਫ਼ਵਾਲਾ ਵਿਖ਼ੇ ਦੇਸ਼ ਤੋਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ!
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨ. ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐੱਸਡੀਐਮ ਫਾਜ਼ਿਲਕਾ ਸ.ਅਮਨਦੀਪ ਸਿੰਘ ਮਾਵੀ, ਐਸਡੀਐਮ ਅਬੋਹਰ ਕ੍ਰਿਸ਼ਨਾਪਾਲ ਰਾਜਪੂਤ ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।


