ਸਾਫ਼ ਪਾਣੀ ਖੜਣ ਵਾਲੇ ਸੋਮਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰਕੇ ਵਰਤੋ: ਡਾ ਰੋਹਿਤ ਗੋਇਲ

ਫਾਜ਼ਿਲਕਾ 12 ਨਵੰਬਰ 2025
ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਅਰਪਿਤ ਗੁਪਤਾ ਅਤੇ ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਦੀ ਅਗਵਾਈ ਵਿੱਚ ਫਾਜ਼ਿਲਕਾ ਦੇ ਅਰਬਨ ਏਰੀਏ ਅਤੇ ਰੂਰਲ ਏਰੀਏ ਘਰਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਵਿੱਚ ਅੱਜ ਵੀ ਡੇਂਗੂ ਵਿਰੁੱਧ ਜਾਗਰੂਕਤਾ ਦੇ ਨਾਲ-ਨਾਲ ਗਤੀਵਿਧੀ ਮੁਹਿੰਮ ਚਲਾਈ ਗਈ। ਅੱਜ ਸਰਕਾਰੀ ਮਿਡਲ ਸਕੂਲ ਖਾਤੀ ਮੁਹੱਲਾ ਅਤੇ ਨਿਊ ਗੁਰੂਕੁਲ ਵਿੱਦਿਆ ਮੰਦਰ ਸਕੂਲ ਵਿੱਚ ਬੱਚਿਆਂ ਅਤੇ ਅਧਿਆਪਿਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕੀਤਾ।
ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਅੱਜ ਵੀ ਅਰਬਨ ਏਰੀਏ ਵਿੱਚ 16 ਟੀਮਾਂ ਵੱਲੋਂ ਹੋਟ ਸਪਾਟ ਅਤੇ ਹੋਰ ਖੇਤਰਾਂ ਖਟੀਕਾ ਮੁਹੱਲਾ, ਅੰਨੀ ਦਿੱਲੀ, ਦਾਨਾ ਮੰਡੀ, ਸਬਜ਼ੀ ਮੰਡੀ, ਮਲੋਟ ਰੋਡ, ਮਲਕਾਨਾ ਮੁਹੱਲਾ, ਜਟੀਆਂ ਮੁਹੱਲਾ, ਅਦਰਸ਼ ਨਗਰ, ਕਾਂਸੀ ਰਾਮ ਕਲੋਨੀ, ਡੇਰਾ ਸੱਚਾ ਸੌਦਾ ਕਲੋਨੀ, ਸਾਈਕਲ ਬਜ਼ਾਰ, ਰਾਧਾ ਸੁਆਮੀ ਕਲੋਨੀ, ਅਨੰਦਪੁਰ ਮੁਹੱਲਾ, ਭੈਰੋਂ ਬਸਤੀ, ਇੰਦਰਾ ਕਲੋਨੀ, ਦੁਰਗਾ ਕਲੋਨੀ, ਜੈਰਥ ਕਲੋਨੀ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਸਮੇਂ ਲਾਰਵਾ ਲੱਭ ਕੇ ਨਸ਼ਟ ਕਰਵਾਇਆ ਗਿਆ, ਸਪ੍ਰੇਅ ਅਤੇ ਫੌਗਿੰਗ ਕਰਵਾਈ ਗਈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਹਨ, ਉਹਨਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਅਪੀਲ ਕੀਤੀ ਕਿ ਆਪਣੇ ਆਪਣੇ ਘਰਾਂ ਵਿੱਚ  ਫਰਿਜਾਂ ਦੀ ਟ੍ਰੇਆਂ, ਗਮਲੇ, ਖੁੱਲੇ੍ਹ ਬਰਤਨਾਂ, ਪਾਣੀ ਦੀਆਂ ਟੈਂਕੀਆਂ ਅਤੇ ਪਾਣੀ ਖੜ੍ਹਨ ਵਾਲੇ ਹੋਰ ਸੋਮਿਆਂ ਨੂੰ ਧਿਆਨ ਨਾਲ ਚੈੱਕ ਕੀਤਾ ਜਾਵੇ। ਜਿਥੇ ਕਿਤੇ ਵੀ ਹਫ਼ਤੇ ਤੋਂ ਜ਼ਿਆਦਾ ਪਾਣੀ ਖੜ੍ਹਾ ਹੈ, ਉਹਨਾਂ ਸੋਮਿਆਂ ਨੂੰ ਖਾਲੀ ਕੀਤਾ ਜਾਵੇ ਜਾਂ ਖਤਮ ਕੀਤਾ ਜਾਵੇ।  
ਡਾ ਸੁਨੀਤਾ ਨੇ ਦੱਸਿਆ ਕਿ ਡੇਂਗੂ ਦੂਸ਼ਿਤ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜੇ੍ਹ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ।  ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਜਰੂਰ ਸਾਫ਼਼ ਕਰੋ, ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਸਿਰਫ਼ ਪੈਰਾਸੀਟਾਮੋਲ ਗੋਲੀ ਹੀ ਲਵੋ, ਛੱਤਾਂ ਤੇ ਰੱਖੀਆਂ ਪਾਣੀ ਦੀਆ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ, ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲ੍ਹੇ ਵਿੱਚ ਨਾ ਰੱਖੋ। ਆਲੇ ਦੁਆਲੇ ਦੀ ਸਫ਼ਾਈ ਰੱਖੋ। ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ ਅਤੇ ਸੰਤੁਲਿਤ ਭੋਜਨ ਖਾਓ।
ਵਿਨੋਦ ਖੁਰਾਣਾ, ਮਨਬੀਰ ਸਿੰਘ ਅਤੇ ਵਿੱਕੀ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਅਤੇ ਇਲਾਜ ਕਰਵਾਓ। ਡੇਂਗੂ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਸਮੇਂ ਪ੍ਰੇਮ ਕੁਮਾਰ, ਬੂਟਾ ਸਿੰਘ, ਜਤਿੰਦਰ ਸਾਮਾ ਹਾਜ਼ਰ ਸਨ।

Leave a Reply

Your email address will not be published. Required fields are marked *