ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀਆਂ ਹਦਾਇਤਾਂ ਉੱਤੇ ਅੱਜ ਐਸ.ਪੀ (ਡੀ) ਰਾਕੇਸ਼ ਕੁਮਾਰ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਤਿੰਨ ਜਣਿਆਂ ਨੂੰ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਨਿਖਿਲ ਗਰਗ ਅਤੇ ਸੀਆਈਏ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਗ੍ਰਿਫਤਾਰ ਕੀਤੇ ਗਏ ਇਹਨਾਂ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ।
ਐਸ.ਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮਿਤੀ 20.08.2025 ਦੀ ਰਾਤ ਨੂੰ ਸੀ.ਆਈ.ਏ ਸਰਹਿੰਦ ਦੀ ਟੀਮ ਨੇ ਦਾਣਾ ਮੰਡੀ ਸਰਹਿੰਦ ਵਿੱਚੋ ਸੰਜੀਵ ਕੁਮਾਰ ਵਾਸੀ ਪਿੰਡ ਲੱਖਾ ਸਿੰਘ ਵਾਲਾ ਥਾਣਾ ਮਮਦੋਟ ਜਿਲ੍ਹਾ ਫਿਰੋਜਪੁਰ, ਉਜਵਲ ਗੁਪਤਾ ਵਾਸੀ ਨਵੀਨ ਨਗਰ ਓਜਪੁਰਾ ਥਾਣਾ ਸਦਰ ਸਹਾਰਨਪੁਰ ਯੂ.ਪੀ ਅਤੇ ਇੱਕ ਔਰਤ ਸਿਮਰਨ ਉਰਫ ਸੋਨੀ ਵਾਸੀ ਨੇੜੇ ਪੰਜਾਬੀ ਬਾਗ ਸਹਾਰਨਪੁਰ ਯੂ.ਪੀ ਨੂੰ ਮੁਖਬਰੀ ਦੇ ਅਧਾਰ ‘ਤੇ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਤਿੰਨਾਂ ਦੇ ਕਬਜੇ ਵਿਚਲੇ ਚਾਰ ਥੈਲਿਆਂ ਦੀ ਤਲਾਸ਼ੀ ਕਰਨ ਉਪਰੰਤ ਚਾਰੋ ਥੈਲੇ ਭੁੱਕੀ ਚੂਰਾ ਪੋਸਤ ਨਾਲ ਭਰੇ ਹੋਣੇ ਪਾਏ ਗਏ, ਜੋ ਭੁੱਕੀ ਚੂਰਾ ਪੋਸਤ ਦਾ ਕੁੱਲ ਵਜਨ 01 ਕੁਇੰਟਲ (100 ਕਿੱਲੋਗ੍ਰਾਮ) ਹੋਇਆ। ਉਹਨਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਨੰਬਰ 152 ਮਿਤੀ 21.08.2025 ਅ /ਧ 15ਸੀ/61/85 ਐਨਡੀਪੀਐਸ ਐਕਟ ਥਾਣਾ ਸਰਹੰਦ ਦਰਜ ਕਰਵਾਇਆ ਜਾ ਚੁੱਕਾ ਸੀ
ਪ੍ਰੈੱਸ ਕਾਨਫਰੰਸ ਦੌਰਾਨ ਐਸ.ਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਦੋਸ਼ੀ ਮੱਧ ਪ੍ਰਦੇਸ਼ ਤੋਂ ਸਮਗਲਿੰਗ ਕਰਕੇ ਭੁੱਕੀ ਲੈ ਕੇ ਆਉਂਦੇ ਹਨ ਜੋ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ, ਲੁਧਿਆਣਾ ਅਤੇ ਮੋਹਾਲੀ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਕਾਫੀ ਲੰਬੇ ਅਰਸੇ ਤੋਂ ਇਹ ਧੰਦਾ ਕਰਦੇ ਆ ਰਹੇ ਹਨ ਅਤੇ ਇਹਨਾਂ ਵਿੱਚੋ ਕਥਿਤ ਦੋਸ਼ਣ ਸਿਮਰਨ ਉਰਫ ਸੋਨੀ ‘ਤੇ ਪਹਿਲਾਂ ਵੀ ਸਾਲ 2021 ਵਿੱਚ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਭੁੱਕੀ ਦਾ ਮੁਕੱਦਮਾ ਦਰਜ ਹੈ, ਪ੍ਰੰਤੂ ਜੇਲ੍ਹ ਤੋ ਬਾਹਰ ਆ ਕੇ ਵੀ ਇਸ ਨੇ ਆਪਣਾ ਭੁੱਕੀ ਵੇਚਣ ਦਾ ਧੰਦਾ ਜਾਰੀ ਰੱਖਿਆ। ਐਸਪੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੀ ਇਸ ਅੰਤਰ ਰਾਜੀ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ ਅਤੇ ਤਿੰਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
