ਚੀਫ਼ ਜਸਟਿਸ ਸ਼ੀਲ ਨਾਗੂ ਨੇ ਖਮਾਣੋਂ ਵਿਖੇ ਬਣੇ ਨਵੇਂ ਫੈਮਿਲੀ ਕੋਰਟ ਕੰਪਲੈਕਸ ਦਾ ਕੀਤਾ ਉਦਘਾਟਨ

ਆਮ ਲੋਕਾਂ ਨੂੰ ਤੇਜ਼, ਸੁਗਮ ਅਤੇ ਪ੍ਰਭਾਵਸ਼ਾਲੀ ਨਿਆਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਖਮਾਣੋਂ ਵਿੱਚ ਨਵੇਂ ਬਣੇ ਫੈਮਿਲੀ ਕੋਰਟ ਕੰਪਲੈਕਸ ਦਾ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਸਟਿਸ ਸ਼ੀਲ ਨਾਗੂ ਨੇ ਉਦਘਾਟਨ ਕੀਤਾ। ਇਸ ਮੌਕੇ ਮਾਣਯੋਗ ਸ੍ਰੀ ਜਗਮੋਹਨ ਬਾਂਸਲ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਪ੍ਰਬੰਧਕੀ ਜੱਜ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਅਰੁਣ ਗੁਪਤਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ l

ਚੀਫ ਜਸਟਿਸ ਸ਼ੀਲ ਨਾਗੂ ਨੇ ਕਿਹਾ ਕਿ ਪਰਿਵਾਰਕ ਮਾਮਲਿਆਂ ਨਾਲ ਸੰਬੰਧਿਤ ਕੇਸਾਂ ਵਿੱਚ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵਾਂ ਫੈਮਿਲੀ ਕੋਰਟ ਕੰਪਲੈਕਸ ਇਸ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਮਾਮਲਿਆਂ ਦੀ ਸੁਣਵਾਈ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਵਿੱਚ ਸਹਾਇਕ ਹੋਵੇਗਾ।

ਉਨ੍ਹਾਂ ਕਿਹਾ ਕਿ ਕਾਨੂੰਨੀ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕੰਪਲੈਕਸ ਦੀ ਸਥਾਪਨਾ ਵੀ ਉਸੇ ਯਤਨ ਦਾ ਹਿੱਸਾ ਹੈ। ਇਸ ਨਾਲ ਨਾ ਸਿਰਫ਼ ਜੁਡੀਸ਼ੀਅਲ ਮਾਮਲਿਆਂ ਦਾ ਬੋਝ ਘਟੇਗਾ, ਸਗੋਂ ਲੋਕਾਂ ਨੂੰ ਇੱਕ ਹੀ ਥਾਂ ‘ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਨਵੇਂ ਫੈਮਿਲੀ ਕੋਰਟ ਕੰਪਲੈਕਸ ਦੀ ਇਮਾਰਤ ਵਿੱਚ ਆਧੁਨਿਕ ਅਦਾਲਤੀ ਕਮਰੇ, ਖੁੱਲ੍ਹੇ ਅਤੇ ਸੁਵਿਧਾਜਨਕ ਉਡੀਕ ਹਾਲ, ਵਕੀਲਾਂ ਲਈ ਵੱਖਰੇ ਚੈਂਬਰ, ਕੌਂਸਲਿੰਗ ਰੂਮ, ਰਿਕਾਰਡ ਰੂਮ ਅਤੇ ਡਿਜ਼ਿਟਲ ਸਹੂਲਤਾਂ ਉਪਲਬਧ ਹਨ।

ਉਹਨਾਂ ਦੱਸਿਆ ਕਿ ਮਹਿਲਾਵਾਂ ਅਤੇ ਬੱਚਿਆਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ, ਜਿਵੇਂ ਕਿ ਵੱਖਰਾ ਉਡੀਕ ਖੇਤਰ ਅਤੇ ਕੌਂਸਲਿੰਗ ਸਹੂਲਤਾਂ। ਅਪਾਹਜ ਵਿਅਕਤੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੈਂਪ, ਲਿਫ਼ਟ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਪਾਰਕਿੰਗ ਅਤੇ ਸੁਰੱਖਿਆ ਦੇ ਵੀ ਉਚਿਤ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਚੀਫ ਜਸਿਟਸ ਸਮੇਤ ਹੋਰਨਾਂ ਜੱਜ ਸਾਹਿਬਾਨ ਕੋਰਟ ਫੈਮਿਲੀ ਕੋਰਟ ਕੰਪਲੈਕਸ਼ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਇਮਾਰਤ ਨਿਆਂ ਪ੍ਰਦਾਨੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਅਤੇ ਲੋਕ-ਕੇਂਦਰਿਤ ਬਣਾਏਗੀ। ਉਨ੍ਹਾਂ ਉਮੀਦ ਜਤਾਈ ਕਿ ਨਵਾਂ ਫੈਮਿਲੀ ਕੋਰਟ ਕੰਪਲੈਕਸ ਖਮਾਣੋਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਨਿਆਂ ਦੀ ਪਹੁੰਚ ਨੂੰ ਹੋਰ ਸੁਗਮ ਅਤੇ ਤੇਜ਼ ਬਣਾਏਗਾ।

ਇਸ ਮੌਕੇ ਐਸ ਐਸ ਪੀ ਸ਼ੁਭਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਸ਼੍ਰੀ ਵਿਜੇ ਕੁਮਾਰ, ਪ੍ਰਿੰਸੀਪਲ ਜੱਜ ਫੈਮਲੀ ਕੋਰਟ ਕੈਂਪ ਕੋਰਟ ਖਮਾਣੋ, ਡਾ.ਸੋਨੀਆ ਕਿੰਨਰਾ ਅਡੀਸ਼ਨਲ ਡਿਸਟਰਿਕਟ ਐਂਡ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ, ਸ੍ਰੀ ਜਗਬੀਰ ਸਿੰਘ ਮਹਿੰਦੀ ਰੱਤਾ ਐਡੀਸ਼ਨਲ ਡਿਸਟਰਿਕਟ ਐਂਡ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ, ਸ਼੍ਰੀਮਤੀ ਗੁਰਜੀਤ ਕੌਰ ਢਿੱਲੋਂ, ਸਿਵਲ ਜੱਜ ਸੀਨੀਅਰ ਡਿਵੀਜ਼ਨ, ਸ੍ਰੀਮਤੀ ਮਮਤਾ ਕੱਕੜ ਚੀਫ ਜੂਡੀਸ਼ੀਅਲ ਮੈਜਿਸਟਰੇਟ ਫਤਿਹਗੜ੍ਹ ਸਾਹਿਬ ; ਸ੍ਰੀ ਸਿਮਰਨ ਸਿੰਘ, ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ,ਖਮਾਣੋ. ਸ਼੍ਰੀਮਤੀ ਅੰਕਿਤਾ ਧਵਨ ਸਿਵਲ ਜੱਜ ਜੂਨੀਅਰ ਡਿਵੀਜ਼ਨ ਖਮਾਣੋ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਮਾਲ ਅਫ਼ਸਰ ਕਰੁਣ ਗੁਪਤਾ ਸਮੇਤ ਹੋਰ ਜੱਜ ਸਾਹਿਬਾਨ, ਜੁਡੀਸ਼ੀਅਲ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ l

Leave a Reply

Your email address will not be published. Required fields are marked *