ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮੰਡੀ ਗੋਬਿੰਦਗੜ ਵਿਖੇ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਸ਼ਾਨਦਾਰ ਸਵਾਗਤ

ਮੰਡੀ ਗੋਬਿੰਦਗੜ੍ਹ ਵਿਖੇ ਧੂਮਧਾਮ ਨਾਲ ਕੱਢੀ ਗਈ ਭਗਵਾਨ ਸ਼੍ਰੀ ਜਗਨਨਾਥ ਜੀ ਦੀ 23ਵੀਂ ਰੱਥ ਯਾਤਰਾ

ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਰਹੇ ਮੌਜੂਦ

ਮੰਡੀ ਗੋਬਿੰਦਗੜ੍ਹ/ ਫਤਹਿਗੜ੍ਹ ਸਾਹਿਬ, 9 ਜੁਲਾਈ :

ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਡੀ ਗੋਬਿੰਦਗੜ੍ਹ ਵਿਖੇ ਭਗਵਾਨ ਸ਼੍ਰੀ ਜਗਨਨਾਥ ਜੀ ਦੀ 23ਵੀਂ ਰੱਥ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਨੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਪ੍ਰਧਾਨ ਨਗਰ ਕੌਂਸਲ ਹਰਪ੍ਰੀਤ ਸਿੰਘ ਪ੍ਰਿੰਸ ਸਮੇਤ ਰੱਥ ਯਾਤਰਾ ਵਿਚ ਹਿੱਸਾ ਲਿਆ ਅਤੇ ਸ਼ਰਧਾਲੂਆਂ ਨਾਲ ਭਗਵਾਨ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਕਰਦੇ ਹੋਏ ਰੱਥ ਦੀ ਰੱਸੀ ਖਿੱਚੀ ।

ਅੰਤਰ-ਰਾਸ਼ਟਰੀ ਸ਼੍ਰੀ ਕ੍ਰਿਸ਼ਨ ਭਾਵਨਾਮ੍ਰਿਤ ਸੰਘ, ਚੰਡੀਗੜ੍ਹ ਅਤੇ ਇਸਕਾਨ ਫੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਉਦਮ ਸਦਕਾ ਮੁੱਖ ਬਾਜ਼ਾਰ ਵਿਚ ਮੁਨੀ ਲਾਲ ਦੁਕਾਨ ਦੇ ਨਜ਼ਦੀਕ ਆਯੋਜਿਤ ਸਵਾਗਤੀ ਸਮਾਗਮ ਦੌਰਾਨ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਭਗਵਾਨ ਜਗਨਨਾਥ ਜੀ ਦਾ ਰੱਥ ਖਿੱਚਣਾ ਸਿਰਫ਼ ਇਕ ਧਾਰਮਿਕ ਕਾਰਜ ਨਹੀਂ ਹੈ, ਸਗੋਂ ਇਹ ਅਧਿਆਤਮਕ ਲਾਭ ਪ੍ਰਾਪਤ ਕਰਨ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਅਕਤੀ ਅੰਦਰ ਸ਼ਰਧਾ, ਨਿਮਰਤਾ ਅਤੇ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਸਮਾਜ ‘ਚ ਸਦਭਾਵਨਾ, ਆਪਸੀ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।

ਸ਼੍ਰੀ ਸੌਂਦ ਨੇ ਇਸ ਸ਼ਾਨਦਾਰ ਧਾਰਮਿਕ ਸਮਾਗਮ ਲਈ ਇਸਕਾਨ ਫੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਪ੍ਰਸ਼ੰਸਾ ਕੀਤੀ ਅਤੇ ਲੋਹਾ ਨਗਰੀ ਦੇ ਸਮੂਹ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਸੌਂਦ ਸਮੇਤ ਹੋਰ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ, ਸ਼ਰਧਾਲੂਆਂ ਨੇ ਮੰਦਰ ਵਿਚ ਭਗਵਾਨ ਨੂੰ ਛੱਪਨ ਭੋਗ ਅਰਪਿਤ ਕਰਕੇ ਆਰਤੀ ਕੀਤੀ। ਰੱਥ ਯਾਤਰਾ ਦੌਰਾਨ ਭਗਤੀ ਨ੍ਰਿਤ, ਆਕਰਸ਼ਕ ਝਾਕੀਆਂ, ਕੀਰਤਨ ਮਹਿਮਾ ਅਤੇ ਪ੍ਰਸ਼ਾਦ ਦੀ ਵਿਆਪਕ ਵੰਡ ਕੀਤੀ ਗਈ।

Leave a Reply

Your email address will not be published. Required fields are marked *