ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਤੋਂ ‘ਅਪਰੇਸ਼ਨ ਰਾਹਤ’ ਦੀ ਸ਼ੁਰੂਆਤ, ਵਿਧਾਇਕਾਂ ਨੇ ਸਥਾਨਕ ਪੱਧਰ ‘ਤੇ ਰਾਹਤ ਮੁਹਿੰਮ ਸੰਭਾਲੀ

ਚੰਡੀਗੜ੍ਹ, 8 ਸਤੰਬਰ –

ਪੰਜਾਬ ਸਰਕਾਰ ਨੇ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਜ਼ਾਰਾਂ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਦੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਮੰਤਰੀ, ਵਿਧਾਇਕਾਂ, ਵਲੰਟੀਅਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਸਰਗਰਮ ਹਿਸੇਦਾਰੀ ਨਾਲ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਤੋਂ “ਅਪਰੇਸ਼ਨ ਰਾਹਤ” ਦੀ ਸ਼ੁਰੂਆਤ ਕੀਤੀ। ਇਹ 10 ਦਿਨਾ ਮੁਹਿੰਮ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਅਤੇ ਪੁਨਰਵਾਸ ਲਈ ਸਮਰਪਿਤ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਸਰਸਾ ਨੰਗਲ ਤੋਂ “ਆਓ ਆਪਣੇ ਪਿੰਡ ਦਾ ਸਰਕਾਰੀ ਸਕੂਲ ਸਾਫ ਕਰੀਏ” ਮੁਹਿੰਮ ਵੀ ਸ਼ੁਰੂ ਕੀਤੀ। ਮੰਤਰੀ ਨੇ ਪਿੰਡਾਂ ਦੇ ਪੰਚ-ਸਰਪੰਚਾਂ, ਯੂਥ ਕਲੱਬਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਇਸ ਸਫਾਈ ਅਭਿਆਨ ਵਿੱਚ ਭਾਗ ਲੈਣ ਦੀ ਅਪੀਲ ਕੀਤੀ।

ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋ ਹੜ੍ਹਾਂ ਕਾਰਨ ਪੰਜਾਬ ਦੇ ਲਗਭਗ 20 ਹਜ਼ਾਰ ਸਰਕਾਰੀ ਸਕੂਲ ਬੰਦ ਕੀਤੇ ਹੋਏ ਸਨ, ਜ਼ਿਨ੍ਹਾਂ ਨੂੰ ਅੱਜ ਸਾਫ ਸਫਾਈ ਲਈ ਖੋਲਿਆ ਗਿਆ ਹੈ, ਭਲਕੇ 9 ਸਤੰਬਰ ਨੂੰ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਕੋਈ ਇਮਾਰਤ ਅਸੁਰੱਖਿਅਤ ਜਾਪਦੀ ਹੋਵੇ ਤਾਂ ਉਸ ਬਾਰੇ ਤੁਰੰਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ.ਡੀ.ਐਮ ਜਾਂ ਇੰਜੀਨਿਅਰ ਵਿੰਗ ਨੂੰ ਸੂਚਿਤ ਕੀਤਾ ਜਾ ਸਕਦਾ ਹੈ।

ਮੰਤਰੀ ਬੈਂਸ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾਂ ਲਈ ਉਨ੍ਹਾਂ ਦਾ ਪਰਿਵਾਰ ਨਿੱਜੀ ਤੌਰ ‘ਤੇ 5 ਲੱਖ ਰੁਪਏ ਦੇਵੇਗਾ ਅਤੇ 50 ਲੋੜਵੰਦ ਘਰਾਂ ਦੀ ਮੁਰੰਮਤ ਕਰਵਾਏਗਾ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀਆਂ ਟੀਮਾਂ ਪਿੰਡਾਂ ਵਿੱਚ ਭੇਜੀਆਂ ਗਈਆਂ ਹਨ ਜੋਕਿ  ਲੋਕਾਂ ਅਤੇ ਪਸ਼ੂਆਂ ਲਈ ਘਰ-ਘਰ ਮੈਡੀਕਲ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ।

ਜਲਾਲਾਬਾਦ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਜੋਧਾ ਭੈਣੀ ਵਿੱਚ ਜਾਨਵਰਾਂ ਲਈ ਕੈਟਲ ਫੀਡ ਵੰਡੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਸਰਕਾਰ ਵੱਲੋਂ ਫਸਲਾਂ ਤੇ ਮਕਾਨਾਂ ਦੇ ਮੁਆਵਜੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਆਪਣੀ ਜ਼ਮੀਨ ‘ਤੇ ਆਈ ਰੇਤ ਰੱਖਣ ਤੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ।  ਵਿਧਾਇਕ ਨੇ ਕਿਹਾ ਕਿ ਹੁਣ ਹੜ੍ਹ ਦੇ ਪਾਣੀ ਨਾਲ ਆਈ ਰੇਤ ਕਿਸਾਨ ਦੀ ਹੋਵੇਗੀ ਅਤੇ ਉਹ ਇਸ ਨੂੰ ਵੇਚ ਵੀ ਸਕਣਗੇ । ਉਨ੍ਹਾਂ ਕਿਹਾ ਕਿ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਸਰਕਾਰ ਕਰੇਗੀ ਅਤੇ ਸਰਕਾਰ ਵੱਲੋਂ ਇਸ ਸਬੰਧੀ ਗਿਰਦਾਵਰੀ ਕਰਵਾਉਣ ਦੇ ਹੁਕਮ ਪਹਿਲਾਂ ਦੇ ਦਿੱਤੇ ਗਏ ਹਨ।  ਫਾਜ਼ਿਲਕਾ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮਹਾਤਮ ਵਾਸੀਆਂ ਨੂੰ ਇਕ ਨਵੀਂ ਕਿਸਤੀ ਭੇਟ ਕੀਤੀ ਤਾਂ ਜੋ ਰਾਹਤ ਸਮੱਗਰੀ ਦੀ ਆਵਾਜਾਈ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ‘ਚ ਮੈਂ ਆਪਣੇ ਲੋਕਾਂ ਦੇ ਨਾਲ ਖੜ੍ਹਾ ਹਾਂ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਫਾਜ਼ਿਲਕਾ ਸਿਹਤ ਵਿਭਾਗ ਵੱਲੋਂ ਸੱਪ ਦੇ ਡੰਗ ਤੋਂ ਬਚਾਅ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਵਲ ਸਰਜਨ ਡਾ. ਰਾਜ ਕੁਮਾਰ ਤੇ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਸੱਪ ਦੇ ਡੰਗਣ ‘ਤੇ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਜਾਵੇ, ਜਿਥੇ ਮੁਫ਼ਤ ਇਲਾਜ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗ ਮਾਰਨ ਤੇ ਘਬਰਾਉਣ ਦੀ ਲੋੜ ਨਹੀਂ, ਬਲਕਿ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਾਵੇ। ਇਸ ਸਮੇਂ ਐਂਬੂਲੈਂਸ ਲਈ 108 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਥੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 10,874 ਰਾਸ਼ਨ ਕਿੱਟਾਂ ਅਤੇ 5,890 ਕੈਟਲ ਫੀਡ ਦੇ ਥੈਲੇ ਵੰਡੇ ਗਏ ਹਨ। 4,235 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਹੜ੍ਹਾਂ ਕਾਰਨ ਪੀੜਤ ਪਰਿਵਾਰਾਂ ਦੀ ਮਦਦ ਲਈ ਸਰਕਾਰ ਦੇ ਨਾਲ ਨਾਲ ਸਵੈ-ਸੇਵੀ ਸੰਸਥਾਵਾਂ, ਕੰਪਨੀਆਂ ਅਤੇ ਦਾਨੀ ਸੱਜਣ ਅੱਗੇ ਆ ਰਹੇ ਹਨ।

Leave a Reply

Your email address will not be published. Required fields are marked *