ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਪਲਸ ਪੋਲੀਓ ਰਾਊਂਡ ਦਾ ਆਗਾਜ਼

ਤਿੰਨ ਰੋਜ਼ਾ ਰਾਊਂਡ ਤਹਿਤ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਕਰੀਬ 16 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਜੀਵਨ ਰੱਖਿਅਕ ਬੂੰਦਾਂ

ਸਿਹਤ ਵਿਭਾਗ ਵਿੱਚ ਨਵੰਬਰ ਤੇ ਦਸੰਬਰ ਵਿੱਚ 1000 ਨਰਸਾਂ ਦੀ ਭਰਤੀ ਹੋਵੇਗੀ: ਸਿਹਤ ਮੰਤਰੀ

ਦਸੰਬਰ ਤੋਂ ਪੰਜਾਬ ਦੇ ਹਰ ਪਰਿਵਾਰ ਕੋਲ ਹੋਵੇਗਾ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਕਾਰਡ

ਪਿੰਡਾਂ ਵਿੱਚ ਮੁਫ਼ਤ ਅਲਟਰਾ ਸਾਊਂਡ ਦੀ ਸੁਵਿਧਾ ਯਕੀਨੀ ਬਣਾਉਣ ਲਈ ਚਲਾਈਆਂ ਜਾਣਗੀਆਂ ਵੈਨਾਂ: ਡਾ. ਬਲਬੀਰ ਸਿੰਘ

ਆਮ ਆਦਮੀ ਕਲੀਨਿਕਾਂ ਵਿੱਚ 107 ਕਿਸਮਾਂ ਦੀਆਂ ਦਵਾਈਆਂ ਅਤੇ 47 ਤਰ੍ਹਾਂ ਦੇ ਟੈਸਟ ਦੀ ਮੁਫ਼ਤ ਸੁਵਿਧਾ ਉਪਲਬਧ

ਫਤਹਿਗੜ੍ਹ ਸਾਹਿਬ, 12 ਅਕਤੂਬਰ :

ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਯੋਗ ਅਗਵਾਈ ਹੇਠ ਸੂਬੇ ਵਿੱਚ ਸਿਹਤ ਕ੍ਰਾਂਤੀ ਨੂੰ ਯਕੀਨੀ ਬਣਾਉਣ ਲਈ ਪਿਛਲੇ ਸਾਢੇ ਤਿੰਨ ਸਾਲਾਂ ਅੰਦਰ ਅਨੇਕਾਂ ਲੋਕ ਪੱਖੀ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ ਅਤੇ ਸਿਹਤ ਸੇਵਾਵਾਂ ਦੀ ਮਜ਼ਬੂਤੀ ਲਈ ਇਹ ਵਿਕਾਸ ਮੁਹਿੰਮ ਨਿਰੰਤਰ ਜਾਰੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਚਨਾਰਥਲ ਕਲਾਂ ਦੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪਲਸ ਪੋਲੀਓ ਰਾਊਂਡ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕੀਤਾ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਚਲਾਈ ਜਾਣ ਵਾਲੀ ਇਸ ਤਿੰਨ ਰੋਜ਼ਾ ਮੁਹਿੰਮ ਦੇ ਤਹਿਤ 0 ਤੋਂ 5 ਸਾਲ ਉਮਰ ਵਰਗ ਦੇ ਲਗਭਗ 16 ਲੱਖ ਬੱਚਿਆਂ ਨੂੰ ਜੀਵਨ ਰੱਖਿਅਕ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ।

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਪਿਛਲੇ 15 ਸਾਲਾਂ ਤੋਂ ਪੰਜਾਬ ਅੰਦਰ ਪੋਲੀਓ ਦਾ ਇੱਕ ਵੀ ਕੇਸ ਨਹੀਂ ਆਇਆ ਪ੍ਰੰਤੂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲੀਓ ਦੀ ਬਿਮਾਰੀ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਵੇਖੇ ਗਏ ਸੁਪਨੇ ਨੂੰ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਹਰੇਕ ਬੱਚੇ ਨੂੰ ਨਾ-ਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੀ ਵੈਕਸੀਨੇਸ਼ਨ ਦਿੱਤੀ ਜਾਵੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਜਿਸ ਤਰ੍ਹਾਂ 1000 ਨਵੇਂ ਡਾਕਟਰ ਭਰਤੀ ਕੀਤੇ ਗਏ ਹਨ ਉਸੇ ਤਰ੍ਹਾਂ ਨਵੰਬਰ ਵਿੱਚ 500 ਅਤੇ ਦਸੰਬਰ ਵਿੱਚ ਵੀ 500 ਨਰਸਾਂ ਭਰਤੀ ਹੋਣਗੀਆਂ। ਉਨ੍ਹਾਂ ਕਿਹਾ ਕਿ ਚਨਾਰਥਲ ਕਲਾਂ ਦੇ ਸੀਐਚਸੀ ਵਿੱਚ ਛੇਤੀ ਹੀ ਹੋਰ ਡਾਕਟਰ ਭੇਜੇ ਜਾਣਗੇ ਅਤੇ ਲੋਕਾਂ ਨੂੰ 24 ਘੰਟੇ ਮਿਆਰੀ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਖੋਲੇ ਗਏ ਆਮ ਆਦਮੀ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਮੁਫਤ ਦਵਾਈਆਂ ਅਤੇ 47 ਤਰ੍ਹਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਦਾ ਅਲਟਰਾਸਾਊਂਡ ਕਰਨ ਲਈ ਵਿਆਪਕ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਤਹਿਤ ਪਿੰਡਾਂ ਦੇ ਕਲਸਟਰ ਬਣਾ ਕੇ ਵੈਨ ਰਾਹੀਂ ਲੋਕਾਂ ਦਾ ਮੁਫਤ ਅਲਟਰਾ ਸਾਊਂਡ ਟੈਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਫੈਸਲਿਆਂ ਦੀ ਇੱਕ ਹੋਰ ਅਹਿਮ ਕੜੀ ਤਹਿਤ ਦਸੰਬਰ ਮਹੀਨੇ ਤੋਂ ਸੂਬੇ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਵਾਲਾ ਕਾਰਡ ਦਿੱਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਉੱਚ ਕੋਟੀ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਦੀ ਸਹੂਲਤ ਮਿਲੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਉਸ ਦਾ ਇੱਕੋ ਇੱਕ ਏਜੰਡਾ ਹੈ ਕਿ ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਆਪਸੀ ਵੈਰ ਵਿਰੋਧ ਖਤਮ ਕਰਕੇ ਇੱਕ ਦੂਜੇ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ ਹੈ ਜਿਸ ਦੇ ਚਲਦੇ ਹੋਏ ਪੰਜਾਬ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੌਰਾਨ ਇਤਿਹਾਸਕ ਫੈਸਲੇ ਕਰਕੇ ਸਫਲਤਾ ਨਾਲ ਲਾਗੂ ਕੀਤੇ ਹਨ।

ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਤੋਂ ਪੰਜਾਬੀਆਂ ਨੂੰ ਹੱਥਕੜੀਆਂ ਲਗਾ ਕੇ ਵਾਪਸ ਭੇਜਣ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਜਿਸ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਹੀਂ ਜਾਣ ਦੇੇਵੇਗੀ ਸਗੋਂ ਉਹਨਾਂ ਨੂੰ ਪੰਜਾਬ ਅੰਦਰ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ 55 ਹਜਾਰ ਤੋਂ ਵਧੇਰੇ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਮੀਲ ਪੱਥਰ ਸਥਾਪਤ ਕੀਤਾ ਹੈ।

ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੱਡੇ ਪੱਧਰ ‘ਤੇ ਬਦਲਾਅ ਅਤੇ ਸੁਧਾਰ ਹੋਇਆ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਹਤ ਤੇ ਸਿੱਖਿਆ ਦੇ ਖੇਤਰਾਂ ਨੂੰ ਅੱਖੋਂ ਪਰੋਖੇ ਹੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਜੋ ਕੰਮ ਪਿਛਲੇ 70 ਸਾਲਾਂ ਦੌਰਾਨ ਨਹੀਂ ਕੀਤੇ ਗਏ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸਾਢੇ ਤਿੰਨ ਸਾਲਾਂ ਅੰਦਰ ਕਰਕੇ ਵਿਖਾਏ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਬਾਕੀ ਰਹਿੰਦੇ ਕੰਮ ਵੀ ਛੇਤੀ ਹੀ ਸਿਰੇ ਚੜਾਏ ਜਾਣਗੇ। ਉਹਨਾਂ ਕਿਹਾ ਕਿ ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਾਓ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਪੋਲੀਓ ਦੇ ਮੁਕੰਮਲ ਖਾਤਮੇ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ।

ਇਸ ਮੌਕੇ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ (ਪਰਿਵਾਰ ਭਲਾਈ) ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਨੇ 1978 ਵਿੱਚ ਸੂਬੇ ਨੂੰ ਪੋਲੀਓ ਮੁਕਤ ਘੋਸ਼ਿਤ ਕੀਤਾ ਸੀ ਪਰੰਤੂ ਨੇੜਲੇ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਵਧੇਰੇ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਅਹਤਿਆਤ ਦੇ ਤੌਰ ‘ਤੇ ਪਲਸ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 12 ਤੋਂ 14 ਅਕਤੂਬਰ ਤੱਕ ਚੱਲਣ ਵਾਲੀ ਪਲਸ ਪੋਲੀਓ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ 7568 ਵੱਖ ਵੱਖ ਟੀਮਾਂ ਜਮੀਨੀ ਪੱਧਰ ‘ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ।

ਸਮਾਗਮ ਦੌਰਾਨ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਜਦਕਿ ਅੰਤ ਵਿੱਚ ਸਿਹਤ ਵਿਭਾਗ ਦੇ ਸਟੇਟ ਟੀਕਾਕਰਨ ਅਫਸਰ ਡਾ. ਮੰਜੂ ਬੰਸਲ ਨੇ ਪ੍ਰਮੁੱਖ ਸ਼ਖਸ਼ੀਅਤਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸਮੇਤ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੁਹਿੰਮ ਤਹਿਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੋਲੀਓ ਬੂਥ ਵਿੱਚ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਵੀ ਪਿਲਾਈਆਂ।

ਇਸ ਮੌਕੇ ਐਸ.ਡੀ.ਐਮ ਅਰਵਿੰਦ ਗੁਪਤਾ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ, ਪਿੰਡ ਦੇ ਸਰਪੰਚ ਰਾਜਦੀਪ ਸਿੰਘ ਟਿਵਾਣਾ, ਹਰੀ ਸਿੰਘ ਟੌਹੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ, ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ।

Leave a Reply

Your email address will not be published. Required fields are marked *