ਖੰਡਰ ਦਾ ਰੂਪ ਧਾਰਨ ਕਰ ਰਹੀਆਂ ਹਨ ਬੀ ਐਸ ਐਨ ਐਲ ਦੀਆਂ ਟੈਲੀਫੋਨ ਐਕਸਚੇਂਜਾਪ੍ਰਾਈਵੇਟ ਕੰਪਨੀਆਂ ਦੀ ਮਿਲੀਭੁਗਤ ਕਾਰਨ ਨਹੀਂ ਦੇ ਰਹੇ ਸਮੇਂ ਤੇ ਵਾਈਫਾਈ ਕਨੈਕਸ਼ਨ

ਅਮਲੋਹ
ਬੀ ਐਸ ਐਨ ਐਲ ਭਾਰਤ ਸੰਚਾਰ ਨਿਗਮ ਲਿਮਿਟਡ ਜੋ ਕਿਸੇ ਸਮੇਂ ਟੈਲੀਫੋਨ ਸੇਵਾਵਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਸੀ ਅੱਜ ਕੱਲ ਬੜੀ ਤਰਸਯੋਗ ਹਾਲਤ ਵਿੱਚ ਹੈ। ਬੀ ਐਸ ਐਨ ਐਲ ਮਹਿਕਮੇ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਜਿੱਥੇ ਬੀਐਸਐਨਐਲ ਦੀਆਂ ਬਿਲਡਿੰਗਾਂ ਟੈਲੀਫੋਨ ਐਕਸਚੇਂਜਾਂ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਹਨ ਉੱਥੇ ਹੀ ਇਹਨਾਂ ਟੈਲੀਫੋਨ ਐਕਸਚੇਂਜਾਂ ਵਿੱਚ ਸਟਾਫ ਨਾ ਹੋਣ ਕਾਰਨ ਲੋਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।
ਜੇਕਰ ਟੈਲੀਫੋਨ ਐਕਸਚੇਂਜ ਅਮਲੋਹ ਦੀ ਗੱਲ ਕਰੀਏ ਤਾਂ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਟੈਲੀਫੋਨ ਐਕਸਚੇਜ ਦਾ ਮੁੱਖ ਦਰਵਾਜ਼ਾ ਵੀ ਖਰਾਬ ਹੋਣ ਕਾਰਨ ਦੇ ਅੰਦਰ ਆਉਣਾ ਤੇ ਜਾਣਾ ਬਹੁਤ ਔਖਾ ਹੈ। ਟੈਲੀਫੋਨ ਐਕਸਚੇਂਜ ਅੰਦਰ ਖੜਾ ਵੱਡਾ ਵੱਡਾ ਘਾ ਅਤੇ ਖਰਾਬ ਪਈ ਮਸ਼ੀਨਰੀ ਆਪਣੀ ਹੱਡ ਬੀਤੀ ਦੱਸ ਰਹੇ ਹਨ। ਇੱਕ ਦਰਜਾ ਚਾਰ ਮਹਿਲਾ ਕਰਮਚਾਰੀ ਵੱਲੋਂ ਹੀ ਇਸ ਟੈਲੀਫੋਨ ਐਕਸਚੇਂਜ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਇਸ ਐਕਸਚੇਂਜ ਵਿੱਚ ਬਿਲ ਭਰਨ ਲਈ ਜੋ ਕੈਸ਼ ਕਾਊਂਟਰ ਸੀ ਉਹ ਵੀ ਲੰਬੇ ਸਮੇਂ ਤੋਂ ਬੰਦ ਪਿਆ ਹੈ। ਲੋਕਾਂ ਨੂੰ ਬਿਲ ਭਰਨ ਲਈ ਮੰਡੀ ਗੋਬਿੰਦਗੜ ਦੀ ਟੈਲੀਫੋਨ ਐਕਸਚੇਂਜ ਵਿੱਚ ਜਾਣਾ ਪੈਂਦਾ ਹੈ।
ਇੱਕ ਖਪਤਕਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਛੇ ਮਹੀਨੇ ਪਹਿਲਾਂ ਬੀਐਸਐਨਐਲ ਦਾ ਵਾਈਫਾਈ ਕਨੈਕਸ਼ਨ ਲੈਣ ਲਈ ਅਪਲਾਈ ਕੀਤਾ ਸੀ।
ਜਸਵੰਤ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਵਾਈਫਾਈ ਦਾ ਕਨੈਕਸ਼ਨ ਨਹੀਂ ਮਿਲਿਆ। ਉਸ ਵੱਲੋਂ ਇਸ ਸਬੰਧੀ ਬਹੁਤ ਵਾਰ ਸਥਾਨਕ ਟੈਲੀਫੋਨ ਐਕਸਚੇਂਜ ਤੋਂ ਇਲਾਵਾ ਬੀਐਸਐਨਐੱਲ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਥੇ ਇਹ ਵਰਨਨ ਯੋਗ ਹੈ ਕਿ ਬੀਐਸਐਨਐਲ ਵੱਲੋਂ ਵਾਈਫਾਈ ਕਨੈਕਸ਼ਨ ਦੇਣ ਦਾ ਕੰਮ ਇਕ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਗਿਆ ਹੈ। ਜਸਵੰਤ ਸਿੰਘ ਨੇ ਬੀ ਐਸ ਐਨ ਐਲ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਦੋਸ਼ ਲਗਾਇਆ ਕਿ ਪ੍ਰਾਈਵੇਟ ਠੇਕੇਦਾਰ ਵੱਲੋਂ ਹੋਰ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਏਅਰਟੈਲ, ਨੈਟ ਪਲਸ, ਕਨੈਕਟ, ਜੀਓ ਆਦੀ ਦੀ ਮਿਲੀ ਭੁਗਤ ਨਾਲ ਬੀਐਸਐਨ ਦੇ ਕਨੈਕਸ਼ਨ ਖਪਤਕਾਰਾਂ ਨੂੰ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਬੀਐਸਐਨਐਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਅਮਲੋਹ ਐਕਸਚੇਂਜ ਵਿੱਚ ਤੈਨਾਤ ਜੇਟੀਓ ਜੂਨੀਅਰ ਟੈਲੀਕਮ ਆਫਸਰ ਮਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਅਧੀਨ ਇੱਕ ਦਰਜਨ ਦੇ ਕਰੀਬ ਟੈਲੀਫੋਨ ਐਕਸਚੇਂਜ ਅਮਲੋਹ, ਟੌਹੜਾ ਦਿੱਤੁਪੁਰ,ਬੁਗਾ, ਸਲਾਨਾ, ਰੁੜਕੀ, ਬੜੇਚਾ, ਭਾਦਸੋਂ, ਖਨਿਆਣ, ਕੌਲਗੜ੍ਹ ਤੋਂ ਇਲਾਵਾ ਤੇ ਡੇਢ ਦਰਜਨ ਦੇ ਕਰੀਬ ਟਾਵਰ ਹਨ। ਉਹਨਾਂ ਦੱਸਿਆ ਕਿ ਸਟਾਫ ਦੀ ਕਮੀ ਕਾਰਨ ਟੈਲੀਫੋਨ ਐਕਸਚੇਂਜਾ ਵਿੱਚ ਕੰਮ ਕਾਰ ਪ੍ਰਭਾਵਿਤ ਹੋ ਰਿਹਾ ਹੈ। ਵਾਈਫਾਈ ਦੇ ਕਨੈਕਸ਼ਨ ਨਾ ਮਿਲਣ ਸਬੰਧੀ ਉਹਨਾਂ ਕਿਹਾ ਕਿ ਇਸ ਪ੍ਰਾਈਵੇਟ ਠੇਕੇਦਾਰ ਸਬੰਧੀ ਹੋਰ ਵੀ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਸਬੰਧੀ ਉਹਨਾਂ ਵੱਲੋਂ ਬੀਐਸਐਨਐੱਲ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।

Leave a Reply

Your email address will not be published. Required fields are marked *