ਫਾਜ਼ਿਲਕਾ ਤੋਂ ਸਾਦਕੀ ਬਾਰਡਰ ਤੱਕ ਅੱਜ ਇਕ ਯਾਦਗਾਰੀ ਸਰਹੱਦੀ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿਚ ਫਾਜ਼ਿਲਕਾ ਦੇ ਲੋਕਾਂ ਨੇ ਦੇਸ਼ ਭਗਤੀ ਦੀ ਭਾਵਨਾ, ਕੌਮੀ ਜਜਬੇ ਤੇ ਵੱਡੇ ਉਤਸਾਹ ਨਾਲ ਭਾਗ ਲਿਆ। ਇਸ ਨੂੰ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਰਵਾਨਾ ਕੀਤਾ। ਇਹ ਯਾਤਰਾ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਤਿਰੰਗੇ ਲਹਿਰਾਉਂਦੇ ਲੋਕਾਂ ਦਾ ਸਮੁੰਦਰ ਪੈਦਲ ਚੱਲ ਕੇ ਘੰਟਾ ਘਰ ਚੌਕ ਪਹੁੰਚਿਆ। ਇੱਥੋਂ ਫਿਰ ਸਾਦਕੀ ਚੌਕੀ ਲਈ ਇਹ ਯਾਤਰਾ ਰਵਾਨਾ ਹੋਈ।

ਇਸ ਯਾਤਰਾ ਰਾਹੀਂ ਸਾਦਕੀ ਚੌਕੀ ਵਿਖੇ ਲੱਗਣ ਜਾ ਰਹੇ 200 ਫੁੱਟ ਉੱਚੇ ਤਿਰੰਗੇ ਨੂੰ ਲਿਜਾ ਕੇ ਬੀਐਸਐਫ ਦੇ ਅਧਿਕਾਰੀਆਂ ਨੂੰ ਸੌਪਿਆਂ ਗਿਆ ਹੈ। ਇਸ ਯਾਤਰਾ ਦਾ ਸ਼ਹਿਰ ਦੇ ਬਜਾਰਾਂ ਅਤੇ ਬਾਰਡਰ ਰੋਡ ਦੇ ਪਿੰਡਾਂ ਵਿਚ ਥਾਂ ਥਾਂ ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਝੰਡਾ ਜਦ ਸਾਦਕੀ ਚੌਕੀ ਤੇ ਪਹੁੰਚਿਆਂ ਤਾਂ ਬੀਐਸਐਫ ਦੀ ਟੁੱਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਰਵਾਇਤ ਅਨੁਸਾਰ ਇਸ ਨੂੰ ਸਤਿਕਾਰ ਦਿੱਤਾ। ਪੂਜਾ ਅਰਚਨਾ ਕਰਕੇ ਇਹ ਝੰਡਾ ਬੀਐਸਐਫ ਨੂੰ ਸੌਪਿਆਂ ਗਿਆ।

ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਦਕੀ ਚੌਕੀ (ਭਾਰਤ ਪਾਕਿ ਸਰਹੱਦ) ਤੇ 200 ਫੁੱਟ ਉੱਚਾ ਤਿਰੰਗਾ ਸਥਾਪਿਤ ਕੀਤਾ ਹੈ। ਪਹਿਲਾਂ ਇਸ ਚੌਕੀ ਤੇ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦਾ ਝੰਡਾ ਭਾਰਤ ਦੇ ਝੰਡੇ ਤੋਂ ਉਚਾ ਸੀ ਪਰ ਹੁਣ ਭਾਰਤ ਵਾਲੇ ਪਾਸੇ ਪੰਜਾਬ ਸਰਕਾਰ ਨੇ 200 ਫੁੱਟ ਉਚਾ ਝੰਡਾ ਸਥਾਪਿਤ ਕੀਤਾ ਹੈ। ਇਹ ਝੰਡਾ ਹੁਣ ਪਾਕਿਸਤਾਨ ਦੇ ਝੰਡੇ ਤੋਂ ਵੱਧ ਉਚਾਈ ਤੇ ਸ਼ਾਨ ਨਾਲ ਲਹਿਰਾਉਂਦਾ ਹੋਇਆ ਦੇਸ਼ ਦੀ ਸ਼ਾਨ ਹੋਰ ਉਚੀ ਕਰੇਗਾ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਹ ਨਾ ਕੇਵਲ ਫਾਜਿਲਕਾ ਸਗੋਂ ਪੂਰੇ ਮੁਲਕ ਲਈ ਗੌਰਵ ਦੇ ਪਲ ਹਨ ਜਦ ਸਾਡਾ ਕੌਮੀ ਝੰਡਾ ਸਰਹੱਦ ਤੇ ਆਸਮਾਨ ਦੀਆਂ ਉਚਾਈਆਂ ਨੂੰ ਛੂੰਹਦਾ ਹੋਇਆ ਲਹਿਰਾਏਗਾ। ਉਨ੍ਹਾਂ ਨੇ ਕਿਹਾ ਕਿ ਇਹ ਇਕ ਯਾਦਗਾਰੀ ਸਮਾਂ ਹੈ ਅਤੇ ਲੋਕਾਂ ਦਾ ਤਿਰੰਗਾ ਯਾਤਰਾ ਵਿਚ ਵੱਡਾ ਇੱਕਠ ਫਾਜ਼ਿਲਕਾ ਦੇ ਲੋਕਾਂ ਦੀ ਦੇਸ਼ ਭਗਤੀ ਦਾ ਪ੍ਰਮਾਣ ਹੈ।
ਖੁਸਬੂ ਸਾਵਨ ਸੁੱਖਾ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਮਹੱਤਵਪੂਰਨ ਪ੍ਰੋਜੈਕਟ ਪੂਰਾ ਕਰਕੇ ਦੇਸ਼ ਦੀ ਸ਼ਾਨ ਉੱਚੀ ਕੀਤੀ ਹੈ।

ਇਸ ਮੌਕੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦਿੰਦਿਆਂ ਬੂਟੇ ਵੀ ਲਗਾਏ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ ਅਤੇ ਕੰਵਰਜੀਤ ਸਿੰਘ ਮਾਨ, ਐਸਪੀ ਮੁਖਤਿਆਰ ਰਾਏ, ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ, ਸੀਨਿਅਰ ਆਪ ਆਗੂ ਸ੍ਰੀ ਉਪਕਾਰ ਸਿੰਘ ਜਾਖੜ, ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਨੂਰਸ਼ਾਹ, ਖਜਾਨ ਸਿੰਘ, ਬੀਐਸਐਫ ਦੇ ਸੀਨਿਅਰ ਅਧਿਕਾਰੀ ਸ੍ਰੀ ਅਜੈ ਕੁਮਾਰ, ਸ੍ਰੀ ਰਾਮ ਤੇ ਵਿਨੋਦ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ, ਸਮਾਜ ਸੇਵੀ ਅਤੇ ਇਲਾਕਾ ਨਿਵਾਸੀ ਹਾਜਰ ਸਨ।