
13 ਜੂਨ (ਵਿਸ਼ਵ ਵਾਰਤਾ): ਬਾਲੀਵੁੱਡ ਸਟਾਰ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ 53 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ, ਸੰਜੇ ਕਪੂਰ ਗਾਰਡਜ਼ ਪੋਲੋ ਕਲੱਬ ਵਿੱਚ ਪੋਲੋ ਖੇਡ ਰਹੇ ਸਨ ਜਦੋਂ ਅਚਾਨਕ ਉਨ੍ਹਾਂ ਨੂੰ ਘੁੱਟਣ ਮਹਿਸੂਸ ਹੋਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਓਨਾ ਨੂੰ ਮ੍ਰਿਤਕ ਐਲਾਨ ਦਿਤਾ ।
ਸੰਜੇ ਇੱਕ ਪੋਲੋ ਟੀਮ ਔਰੀਅਸ ਦਾ ਪ੍ਰਬੰਧਨ ਕਰ ਰਹੇ ਸਨ। ਅਦਾਕਾਰ ਅਤੇ ਲੇਖਕ ਸੁਹੇਲ ਸੇਠ ਨੇ ਸੰਜੇ ਕਪੂਰ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ।
ਦੱਸ ਦਈਏ ਕਿ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ, ਸੰਜੇ ਕਪੂਰ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਰਾਹੀਂ ਆਪਣੀ ਆਖਰੀ ਪੋਸਟ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ।
ਸੰਜੇ ਕਪੂਰ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸਨ। ਕਰਿਸ਼ਮਾ ਅਤੇ ਸੰਜੇ ਦਾ ਵਿਆਹ ਸਾਲ 2003 ਵਿੱਚ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਧੀ ਸਮਾਇਰਾ ਅਤੇ ਪੁੱਤਰ ਕਿਆਨ। ਹਾਲਾਂਕਿ, ਉਨ੍ਹਾਂ ਦਾ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਉਨ੍ਹਾਂ ਦਾ ਸਾਲ 2016 ਵਿੱਚ ਤਲਾਕ ਹੋ ਗਿਆ। ਕਰਿਸ਼ਮਾ ਤੋਂ ਤਲਾਕ ਤੋਂ ਬਾਅਦ, ਸੰਜੇ ਨੇ ਪ੍ਰਿਆ ਸਚਦੇਵ ਨਾਲ ਵਿਆਹ ਕਰਵਾ ਲਿਆ ਸੀ।