ਫ਼ਤਹਿਗੜ੍ਹ ਸਾਹਿਬ, 03 ਮਾਰਚ : ਸੜ੍ਹਕੀ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਪੈਂਦੇ ਬਲੈਕ ਸਪਾਟ ਤੁਰੰਤ ਠੀਕ ਕੀਤੇ ਜਾਣ ਤਾਂ ਜੋ ਸੜ੍ਹਕ ਦੁਰਘਟਨਾਵਾਂ ਵਿੱਚ ਅਜਾਈਂ ਜਾਂਦੀਆਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਕੂਲਾਂ ਅੱਗੇ ਰੰਬਲ ਸਟਰਿੱਪ ਤੇ ਲੋੜੀਂਦੇ ਬੋਰਡ ਵੀ ਲਗਵਾਏ ਜਾਣ ਤਾਂ ਜੋ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸੜ੍ਹਕ ਦੁਰਘਟਨਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਜੁਗਾੜੂ ਵਾਹਨਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਗੈਰ-ਕਾਨੂੰਨੀ ਅਤੇ ਅਸੁਰੱਖਿਅਤ ਵਾਹਨਾਂ ਦੇ ਤੁਰੰਤ ਚਲਾਨ ਕੀਤੇ ਜਾਣ ਅਤੇ ਉਨ੍ਹਾਂ ਨੂੰ ਬੋਂਡ ਕਰਕੇ ਸੜਕਾਂ ਤੋਂ ਹਟਾਇਆ ਜਾਵੇ। ਉਨ੍ਹਾਂ ਆਦੇਸ਼ ਦਿੱਤਾ ਕਿ ਜਿੱਥੇ ਅਜਿਹੇ ਵਾਹਨ ਤਿਆਰ ਕੀਤੇ ਜਾਂਦੇ ਹਨ, ਉਨ੍ਹਾਂ ਵਿਅਕਤੀਆਂ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਈ-ਡਾਰ ਪੋਰਟਲ ਉੱਤੇ ਸਮਾਂਬੱਧ ਢੰਗ ਨਾਲ ਡੇਟਾ ਅਪਲੋਡ ਕਰਨ, ਸੜਕ ਹਾਦਸਿਆਂ ਦੇ ਪੀੜਤਾਂ ਨੂੰ ਕੈਸ਼ਲੈਸ ਟਰੀਟਮੈਂਟ ਸਕੀਮ ਤਹਿਤ ਸਹਾਇਤਾ ਮੁਹੱਈਆ ਕਰਵਾਉਣ, ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਤੁਰੰਤ ਇਲਾਜ ਲਈ ਪਹੁਚਾਉਣ ਲਈ ਐਂਬੂਲੈਂਸਾਂ ਦਾ ਢੁਕਵਾਂ ਪ੍ਰਬੰਧ ਯਕੀਨੀ ਬਨਾਉਣ ਅਤੇ ਹੈਲਪਲਾਈਨ ਨੰਬਰ ਜਨਤਕ ਥਾਵਾਂ ‘ਤੇ ਡਿਸਪਲੇਅ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ।

ਉਨ੍ਹਾਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤੇ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨੁਮਾਇੰਦਿਆਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਧ ਤੋਂ ਵਧ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਅਤੇ ਨਿਯਮਾਂ ਦੀ ਉਲੰਘਣਾ ਸਬੰਧੀ ਸਖ਼ਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੜਕਾਂ ਦੇ ਨਾਲ ਪੈਦਲ ਜਾਣ ਵਾਲੇ ਰਸਤਿਆਂ ਜਾਂ ਫੁੱਟਓਵਰ ਪੁਲਾਂ ਦੇ ਬੁਨਿਆਦੀ ਢਾਂਚੇ ਦੀ ਜਿੱਥੇ ਵੀ ਲੋੜ ਹੈ ਮੁਰੰਮਤ ਕਰਕੇ ਉਸਨੂੰ ਲੋਕਾਂ ਲਈ ਸੁਖਾਵਾਂ ਬਣਾਇਆ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਅਤੇ ਸਾਈਨ ਬੋਰਡ ਲਗਾਏ ਜਾਣ।
ਇਸ ਮੌਕੇ ਖੇਤਰੀ ਟਰਾਂਸਪੋਰਟ ਅਫਸਰ ਰਣਪ੍ਰੀਤ ਸਿੰਘ ਭਿਓਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਨਵਰੀ ਮਹੀਨੇ ਨੂੰ ਸੜ੍ਹਕ ਸੁਰੱਖਿਆ ਮਾਂਹ ਵਜੋਂ ਮਨਾਇਆ ਗਿਆ ਅਤੇ ਇਸ ਮਹੀਨੇ ਦੌਰਾਨ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਪੁਲਿਸ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਵਾਹਨਾਂ ਦੇ ਚਲਾਨ ਕਰਕੇ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲਾਂ ਵਿੱਚ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਗਏ ਅਤੇ ਟਰੱਕ ਯੂਨੀਅਨਾਂ,ਟੈਪੂ ਯੂਨੀਅਨਾਂ ਤੇ ਹੋਰ ਪਬਲਿਕ ਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗੂਰਕ ਕੀਤਾ ਗਿਆ।

ਮੀਟਿੰਗ ਵਿੱਚ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸੂਬਾ ਸਿੰਘ, ਐਸ.ਡੀ.ਐਮ. ਖਮਾਣੋਂ ਅਰਵਿੰਦ ਕੁਮਾਰ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਹਰਬੀਰ ਕੌਰ,ਐਸ.ਡੀ.ਐਮ.ਅਮਲੋਹ ਚਰਨਜੋਤ ਸਿੰਘ ਵਾਲੀਆ,ਮੁੱਖ ਮੰਤਰੀ ਫੀਲਡ ਅਫਸਰ ਸੰਕਰ ਸ਼ਰਮਾਂ, ਸਹਾਇਕ ਖੇਤਰੀ ਟਰਾਂਸਪੋਰਟ ਅਫਸਰ ਮਨਿੰਦਰ ਸਿੰਘ, , ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
